ਸਿਹਤ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈਪੇਟਾਈਟਿਸ ਸਬੰਧੀ ਪੋਸਟਰ
ਪਟਿਆਲਾ 29 ਜੁਲਾਈ – ਵਿਸ਼ਵ ਹੈਪੇਟਾਈਟਿਸ ਪੰਦਰਵਾੜਾ ਦੇ ਮੌਕੇ ਸਿਹਤ ਵਿਭਾਗ ਵੱਲੋਂ ਜਿਲ੍ਹੇ ਦੇ ਸਿਹਤ ਸੰਸਥਾਨਾਂ ਵਿੱਚ ਲੋਕਾਂ ਨੂੰ ਹੈਪੇਟਾਈਟਿਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਹੈਪੇਟਾਈਟਿਸ ਸਬੰਧੀ ਪੋਸਟਰ ਜਾਰੀ ਕੀਤਾ। ਇਸ ਮੌਕੇ ਸਿਹਤ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਹੈਪੇਟਾਈਟਿਸ ਦੇ ਕਾਰਨਾਂ, ਲੱਛਣਾਂ, ਬਚਾਅ ਅਤੇ ਸਮੇਂ ਸਿਰ ਜਾਂਚ ਅਤੇ ਇਲਾਜ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।
ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਹੈਪੇਟਾਈਟਿਸ ਇੱਕ ਗੰਭੀਰ ਬਿਮਾਰੀ ਹੈ ਜੋ ਜਿਗਰ ਨੂੰ ਪ੍ਰਭਾਵਿਤ ਕਰਦੀ ਹੈ, ਪਰ ਸਮੇਂ ਸਿਰ ਜਾਂਚ, ਟੀਕਾਕਰਨ, ਸੁਰੱਖਿਅਤ ਖੂਨ ਦੀ ਵਰਤੋਂ, ਸਾਫ਼-ਸੁਥਰੀਆਂ ਸੂਈਆਂ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਹੈਪੇਟਾਈਟਿਸ ਨਾਲ ਸੰਬੰਧਿਤ ਲੱਛਣ ਮਹਿਸੂਸ ਹੋਣ ਤਾਂ ਉਹ ਨੇੜਲੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰਕੇ ਜਾਂਚ ਅਤੇ ਇਲਾਜ ਕਰਵਾਉਣ।
ਇਸ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਾਗਰੂਕਤਾ ਲੈਕਚਰ, ਪੋਸਟਰ ਪ੍ਰਦਰਸ਼ਨੀ ਅਤੇ ਸਲਾਹ-ਮਸ਼ਵਰਾ ਸੈਸ਼ਨ ਵੀ ਆਯੋਜਿਤ ਕੀਤੇ ਜਾ ਰਹੇ ਹਨ। ਲੋਕਾਂ ਨੂੰ ਹੈਪੇਟਾਈਟਿਸ ਦੇ ਫੈਲਾਅ ਨੂੰ ਰੋਕਣ ਲਈ ਸਾਵਧਾਨੀਆਂ ਵਰਤਣ ਅਤੇ ਨਿਯਮਿਤ ਸਿਹਤ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਐਪੀਡੋਮੋਲੋਜਿਸਟ ਡਾ.ਦਿਵਜੋਤ ਸਿੰਘ ਨੇ ਸਮੂਹ ਜ਼ਿਲ੍ਹੇ ਵਾਸੀਆਂ ਨੂੰ ਅਪੀਲ ਕੀਤੀ ਕਿ ਹੈਪੇਟਾਈਟਿਸ ਤੋਂ ਬਚਾਅ ਲਈ ਜਾਗਰੂਕ ਰਹਿਣ, ਅਫ਼ਵਾਹਾਂ ਤੋਂ ਦੂਰ ਰਹਿਣ ਅਤੇ ਲੋੜ ਪੈਣ ‘ਤੇ ਸਰਕਾਰੀ ਸਿਹਤ ਸੰਸਥਾਵਾਂ ਦੀਆਂ ਸੇਵਾਵਾਂ ਦਾ ਲਾਭ ਉਠਾਉਣ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਬਲਕਾਰ ਸਿੰਘ, ਜਿਲ੍ਹਾ ਟੀਕਾਕਰਨ ਅਫਸਰ ਡਾ.ਕੁਸ਼ਲਦੀਪ ਗਿੱਲ, ਡਿਪਟੀ ਮੈਡੀਕਲ ਕਮਿਸ਼ਨਰ ਡਾ.ਜਸਵਿੰਦਰ ਸਿੰਘ, ਸਹਾਇਕ ਸਿਹਤ ਅਫਸਰ ਡਾ.ਇੰਦਰਪ੍ਰੀਤ ਰੰਧਾਵਾ, ਸੁਪਰਡੈਂਟ ਭਾਵਨਾ ਗੁਪਤਾ, ਡੀ.ਪੀ.ਐਮ ਰਿਤਿਕਾ ਗਰੋਵਰ ਅਤੇ ਸਮੂਹ ਮਾਸ ਮੀਡੀਆ ਵਿੰਗ ਦੀ ਟੀਮ ਮੌਜੂਦ ਸਨ।