ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਨੇ ਕੀਤਾ ਪੀ.ਐਚ.ਸੀ ਅਜਨੌਦਾ ਦਾ ਦੌਰਾ

ਪਟਿਆਲਾ, 4 ਮਈ  : ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਪਟਿਆਲਾ ਦੇ ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਵੱਲੋਂ ਪੀ.ਐਚ.ਸੀ ਅਜਨੌਦਾ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਸੱਭ ਤੋਂ ਪਹਿਲਾਂ ਸਟਾਫ ਦੀ ਹਾਜ਼ਰੀ ਚੈੱਕ ਕੀਤੀ ਗਈ।

ਇਸ ਤੋਂ ਬਾਦ ਵੱਖ ਵੱਖ ਬਿਮਾਰੀਆਂ ਦੇ ਇਲਾਜ ਲਈ ਆਏ ਮਰੀਜ਼ਾਂ ਤੋਂ ਹਸਪਤਾਲ ਵਿੱਚ ਕੀਤੇ ਜਾ ਰਹੇ ਉਨ੍ਹਾਂ ਦੇ ਇਲਾਜ ਬਾਰੇ ਜਾਣਕਾਰੀ ਲਈ ਗਈ।ਜਿਸ ਵਿੱਚ ਵਿਸ਼ੇਸ਼ ਤੌਰ ਉੱਤੇ ਗਰਭਵਤੀ ਅੋਰਤਾਂ ਦੇ ਇਲਾਜ ਵਿੱਚ ਕਿਸੇ ਤਰ੍ਹਾਂ ਦਾ ਵੀ ਮਰੀਜ਼ ਦਾ ਨੁਕਸਾਨ ਨਾ ਹੋਵੇ, ਇਸ ਨੂੰ ਯਕੀਨੀ ਬਣਾਉਣ ਲਈ ਸਟਾਫ ਨੂੰ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪੀਐਚਸੀ ਦੇ ਐਮਰਜੰਸੀ, ਜਰਨਲ ਵਾਰਡ, ਲੇਬਰ ਰੂਮ, ਲੈਬ, ਕੋਲਡ ਚੇਨ ਪੁਆਂਇਟ, ਆਮ ਆਦਮੀ ਕਲੀਨਿਕ, ਓਟ ਸੇਂਟਰ ਅਤੇ ਫਾਰਮੇਸੀ ਆਦਿ ਦਾ ਵੀ ਨਰੀਖਣ ਕੀਤਾ।ਉਨ੍ਹਾਂ ਐਮਰਜੰਸੀ ਵਿੱਚ ਵਰਤਣ ਲਈ ਰੱਖੀਆਂ ਦਵਾਈਆਂ ਦੀ ਐਕਸਪਾਇਰੀ ਮਿਤੀ ਵੀ ਚੈੱਕ ਕੀਤੀ।

ਉਨ੍ਹਾਂ ਸਬੰਧਤ ਇੰਚਾਰਜ ਨੂੰ ਕਿਹਾ ਕਿ ਐਮਰਜੰਸੀ ਵਿੱਚ ਦਵਾਈਆਂ ਦੀ ਕਿਸੇ ਕਿਸਮ ਦੀ ਘਾਟ ਨਹੀਂ ਹੋਣੀ ਚਾਹੀਦੀ।ਉਨ੍ਹਾਂ ਮੌਕੇ ਉੱਤੇ ਮੌਜੂਦ ਮੈਡੀਕਲ ਅਫਸਰਾਂ ਅਤੇ ਸਟਾਫ ਨੂੰ ਮਰੀਜ਼ਾਂ ਦੇ ਇਲਾਜ ਵਿੱਚ ਕਿਸੇ ਕਿਸਮ ਦੀ ਕੁਤਾਹੀ ਨਾ ਵਰਤਣ, ਮਰੀਜ਼ਾਂ ਦੇ ਲੈਬ ਟੈਸਟ ਅਤੇ ਦਵਾਈਆਂ ਸਰਕਾਰੀ ਹਸਪਤਾਲਾਂ ਵਿੱਚ ਦੇਣੀਆਂ ਯਕੀਨੀ ਬਣਾਉਣ, ਡਿਊਟੀ ਦੌਰਾਨ ਸਮੇਂ ਦੀ ਪਾਬੰਦੀ ਅਤੇ ਹਸਪਤਾਲ ਵਿੱਚ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ। ਉਨ੍ਹਾਂ ਪੀਐਚਸੀ ਅਜਨੌਦਾ ਦੇ ਸਟਾਫ ਨੂੰ ਆਉਣ ਵਾਲੇ ਦਿਨਾਂ ਵਿੱਚ ਡਰਾਈ ਡੇਅ ਗਤੀਵਿਧੀਆਂ ਤੇਜ਼ ਕਰਨ ਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਦੀ ਹਦਾਇਤ ਕੀਤੀ।ਇਸ ਮੌਕੇ ਅਜਨੌਦਾ ਪੀ.ਐਚ.ਸੀ ਦਾ ਸਮੁੱਚਾ ਸਟਾਫ ਹਾਜ਼ਰ ਸੀ।ਡਾ. ਸ਼ੈਲੀ ਨੇ ਪਿੰਡ ਦੇ ਪੰਚਾਇਤ ਘਰ ਵਿਖੇ ਲਗਾਏ ਗਏ ਅੱਖਾਂ ਦੀ ਜਾਂਚ ਸਬੰਧੀ ਕੈਂਪ ਦਾ ਮੁਆਇਨਾ ਵੀ ਕੀਤਾ।

Scroll to Top