ਸਾਡਾ ਟੀਚਾ ਮਿਆਰੀ ਸਿੱਖਿਆ ਰਾਹੀਂ ਬੱਚਿਆਂ ਨੂੰ ਆਪਣੇ ਪੈਰਾਂ `ਤੇ ਖੜ੍ਹੇ ਹੋਣ ਦੇ ਸਮਰੱਥ ਬਣਾਉਣਾ ਹੈ: ਮੁੱਖ ਮੰਤਰੀ
ਕਪੂਰਥਲਾ, 13 ਅਕਤੂਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸਾਡੀ ਸਰਕਾਰ ਨੌਜਵਾਨਾਂ ਨੂੰ ਆਪਣੇ ਪੈਰਾਂ `ਤੇ ਖੜ੍ਹੇ ਹੋਣ ਦੇ ਯੋਗ ਬਣਾਉਣ ਲਈ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਬਦਲਾਅ ਕਰ ਰਹੀ ਹੈ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰ ਰਹੀ ਹੈ। ਉਨ੍ਹਾਂ ਇਸ ਗੱਲ `ਤੇ ਜ਼ੋਰ ਦਿੱਤਾ ਕਿ ਸਾਡਾ ਮੁੱਖ ਟੀਚਾ ਨੌਕਰੀ ਲੱਭਣ ਵਾਲਿਆਂ ਨੂੰ ਨੌਕਰੀਆਂ ਦੇਣ ਵਾਲੇ ਬਣਾਉਣਾ ਹੈ।
ਇੱਥੇ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ 14ਵੇਂ ਕਨਵੋਕੇਸ਼ਨ ਸਮਾਰੋਹ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਕਰਨ ਦੇ ਨਾਲ-ਨਾਲ ਮੈਰਿਟ ਦੇ ਆਧਾਰ `ਤੇ 70,000 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਿੱਖਿਆ ਅਤੇ ਰੋਜ਼ਗਾਰ ਦੀ ਕੀਤੀ ਗਈ ਅਣਦੇਖੀ ਨੇ ਹੀ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਮੌਕਿਆਂ ਦੀ ਭਾਲ ਕਰਨ ਲਈ ਮਜਬੂਰ ਕੀਤਾ ਸੀ।
ਮੁੱਖ ਮੰਤਰੀ ਨੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਚਾਰ ਸਾਲਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਨੇ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਪਹਿਲੇ ਨੰਬਰ `ਤੇ ਪਹੁੰਚਾ ਦਿੱਤਾ ਹੈ ਅਤੇ ਉਨ੍ਹਾਂ ਨੌਜਵਾਨਾਂ ਨੂੰ ਸੂਬੇ ਦੇ ਸੁਨਹਿਰੀ ਭਵਿੱਖ ਦੀ ਨੀਂਹ ਸਿੱਖਿਆ ਅਤੇ ਖੇਡਾਂ ਨੂੰ ਬਣਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਜਪਾ `ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਪੰਜਾਬ ਨੂੰ ਬਦਨਾਮ ਕਰਨ ਦੀ ਬਜਾਏ ਗੁਜਰਾਤ ਤੋਂ ਨਸ਼ਿਆਂ ਦੀ ਸਪਲਾਈ ਨੂੰ ਰੋਕੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅੱਜ ਮੈਨੂੰ ਆਈ.ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ, ਕਪੂਰਥਲਾ ਦੇ 14ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਡਿਗਰੀ ਸਿਰਫ਼ ਕਾਗਜ਼ ਦਾ ਟੁਕੜਾ ਨਹੀਂ ਹੈ, ਇਹ ਇਕ ਅਜਿਹਾ ਸਰਟੀਫਿਕੇਟ ਹੈ, ਜੋ ਨੌਜਵਾਨਾਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦੇ ਮੌਕੇ ਦਿੰਦਾ ਹੈ। ਸਾਡਾ ਟੀਚਾ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਦੇਣ ਵਾਲੇ ਬਣਾਉਣਾ ਹੈ। ਸਿੱਖਿਆ ਅਤੇ ਖੇਡਾਂ ਪੰਜਾਬ ਦੇ ਸੁਨਹਿਰੀ ਭਵਿੱਖ ਦੀਆਂ ਕੁੰਜੀਆਂ ਹਨ। ਡਿਗਰੀ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਦਿਲੋਂ ਵਧਾਈਆਂ। ਮੈਂ ਉਨ੍ਹਾਂ ਦੇ ਸਫ਼ਲ ਭਵਿੱਖ ਦੀ ਕਾਮਨਾ ਕਰਦਾ ਹਾਂ। ਇਨਕਲਾਬ ਜ਼ਿੰਦਾਬਾਦ।”
ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਜੋ ਲੋਕ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਇਸ ਸਮੱਸਿਆ ਨਾਲ ਨਜਿੱਠਣ ਵਿੱਚ ਆਪਣੀ ਨਾਕਾਮੀ ਲਈ ਜਵਾਬਦੇਹ ਹੋਣਾ ਚਾਹੀਦਾ ਹੈ। ਮੈਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਸਪੱਸ਼ਟ ਕਰੇ ਕਿ ਕੇਂਦਰ ਅਤੇ ਗੁਜਰਾਤ ਦੋਵਾਂ ਥਾਵਾਂ `ਤੇ ਭਾਜਪਾ ਦੀ ਸਰਕਾਰ ਹੋਣ ਦੇ ਬਾਵਜੂਦ ਗੁਜਰਾਤ ਅਤੇ ਦੇਸ਼ ਦੇ ਹੋਰ ਹਿੱਸਿਆਂ ਦੀਆਂ ਬੰਦਰਗਾਹਾਂ ਰਾਹੀਂ ਨਸ਼ਿਆਂ ਦੀ ਸਪਲਾਈ ਕਿਵੇਂ ਜਾਰੀ ਰਹੀ।
ਪੰਜਾਬ ਕਿਸੇ ਨੂੰ ਇਹ ਇਜਾਜ਼ਤ ਨਹੀਂ ਦੇਵੇਗਾ ਕਿ ਨਸ਼ਾ ਤਸਕਰੀ ਦੀ ਸਮੱਸਿਆ ਦੇ ਕੌਮੀ ਪਰਿਪੇਖ ਨੂੰ ਅਣਡਿੱਠ ਕਰ ਕੇ ਨਿਸ਼ਾਨਾ ਬਣਾ ਕੇ ਆਲੋਚਨਾ ਅਤੇ ਸਿਆਸੀ ਪ੍ਰਚਾਰ ਰਾਹੀਂ ਦਿੱਖ ਖ਼ਰਾਬ ਕੀਤੀ ਜਾਵੇ। ਜੋ ਲੋਕ ਆਪਣੇ ਸੂਬਿਆਂ ਵਿੱਚ ਇਸ ਸਮੱਸਿਆ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਅਸਫ਼ਲ ਰਹੇ, ਉਨ੍ਹਾਂ ਨੂੰ ਪੰਜਾਬ ਵੱਲ ਉਂਗਲ ਚੁੱਕਣ ਤੋਂ ਪਹਿਲਾਂ ਆਪਣਾ ਰਿਕਾਰਡ ਦੇਖਣਾ ਚਾਹੀਦਾ ਹੈ।”
ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਰੰਗਲਾ ਪੰਜਾਬ ਬਣਾਉਣ ਲਈ ਆਪਣੇ ਗਿਆਨ, ਹੁਨਰ ਅਤੇ ਉੱਦਮੀ ਭਾਵਨਾ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਨਵੋਕੇਸ਼ਨ ਸਮਾਰੋਹ ਨੂੰ ਵਿਦਿਆਰਥੀਆਂ ਦੇ ਜੀਵਨ ਵਿੱਚ ਮਹੱਤਵਪੂਰਨ ਮੌਕਾ ਕਰਾਰ ਦਿੱਤਾ ਅਤੇ ਇਸ ਗੱਲ `ਤੇ ਜ਼ੋਰ ਦਿੱਤਾ ਕਿ ਡਿਗਰੀ ਕਾਗਜ਼ ਦੇ ਟੁਕੜੇ ਤੋਂ ਕਿਤੇ ਵੱਧ ਹੈ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ, ਉਨ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਅਤੇ ਸਮਾਜ ਵਿੱਚ ਸਾਰਥਕ ਯੋਗਦਾਨ ਪਾਉਣ ਦਾ ਮੌਕਾ ਹੈ।
ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਦੀ ਮਿਸਾਲ ਦਿੰਦਿਆਂ ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਆਪਣੀਆਂ ਇੱਛਾਵਾਂ ਨੂੰ ਹਕੀਕਤ ਵਿੱਚ ਬਦਲਣ ਲਈ ਅਣਥੱਕ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਮਹਾਨ ਪੰਜਾਬੀ ਕਵੀ ਅਵਤਾਰ ਪਾਸ਼ ਦੀਆਂ ਲਾਈਨਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮੁਸ਼ਕਲਾਂ ਦੇ ਸਾਹਮਣੇ ਕਦੇ ਵੀ ਆਪਣੇ ਸੁਪਨੇ ਨਾ ਤਿਆਗਣ।
ਉਨ੍ਹਾਂ ਕਿਹਾ, “ਵਿਦਿਆਰਥੀ ਜੀਵਨ ਨੌਜਵਾਨਾਂ ਨੂੰ ਦੁਨੀਆ ਦੀਆਂ ਤਲਖ਼ ਹਕੀਕਤਾਂ ਲਈ ਤਿਆਰ ਕਰਦਾ ਹੈ, ਜਿੱਥੇ ਸਫ਼ਲਤਾ ਲਈ ਦ੍ਰਿੜ੍ਹਤਾ, ਅਨੁਸ਼ਾਸਨ, ਨਵੀਨਤਾ ਅਤੇ ਵੱਖਰਾ ਸੋਚਣ ਦੀ ਹਿੰਮਤ ਦੀ ਲੋੜ ਹੁੰਦੀ ਹੈ। ਤੁਹਾਡਾ ਗਿਆਨ ਅਤੇ ਮੁਹਾਰਤ ਸਿਰਫ਼ ਨਿੱਜੀ ਤਰੱਕੀ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਇਨ੍ਹਾਂ ਨੂੰ ਸਮਾਜ ਦੀ ਭਲਾਈ ਅਤੇ ਪੰਜਾਬ ਦੀ ਤਰੱਕੀ ਲਈ ਵਰਤੋ।”
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੌਜਵਾਨਾਂ ਲਈ ਢੁਕਵੇਂ ਮੌਕੇ ਪੈਦਾ ਕਰਨ ਵਿੱਚ ਅਸਫ਼ਲ ਰਹੀਆਂ, ਜਿਸ ਕਾਰਨ ਬਹੁਤੇ ਨੌਜਵਾਨਾਂ ਨੂੰ ਬਿਹਤਰ ਭਵਿੱਖ ਲਈ ਵਿਦੇਸ਼ਾਂ ਵੱਲ ਦੇਖਣਾ ਪਿਆ। ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਪੰਜਾਬ ਦੇ ਨੌਜਵਾਨ ਆਪਣੀਆਂ ਇੱਛਾਵਾਂ ਨੂੰ ਪੂਰਾ ਕਰ ਸਕਣ ਅਤੇ ਪੰਜਾਬ ਵਿੱਚ ਹੀ ਸਫ਼ਲ ਕਰੀਅਰ ਬਣਾ ਸਕਣ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਗੁਣਵੱਤਾ, ਪਹੁੰਚਯੋਗ, ਆਧੁਨਿਕ ਬੁਨਿਆਦੀ ਢਾਂਚੇ ਅਤੇ ਵਿਹਾਰਕ ਹੁਨਰ `ਤੇ ਨਵੇਂ ਸਿਰੇ ਤੋਂ ਜ਼ੋਰ ਦਿੰਦਿਆਂ ਸਿੱਖਿਆ ਪ੍ਰਣਾਲੀ ਵਿੱਚ ਵਿਆਪਕ ਬਦਲਾਅ ਲਿਆਂਦਾ ਹੈ।
ਉਨ੍ਹਾਂ ਕਿਹਾ ਕਿ ਸੁਧਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਇੱਕੋ ਮੰਤਰੀ ਅਧੀਨ ਸਿੱਖਿਆ ਦੇ ਤਿੰਨਾਂ ਵਿੰਗਾਂ ਵਿੱਚ ਬਿਹਤਰ ਤਾਲਮੇਲ ਕਾਇਮ ਕੀਤਾ ਗਿਆ ਹੈ। ਉਨ੍ਹਾਂ ਕਿਹਾ, “ਸਰਕਾਰੀ ਸਕੂਲਾਂ ਨੂੰ ਫਰਨੀਚਰ, ਸਮਾਰਟ ਕਲਾਸਰੂਮਾਂ ਅਤੇ ਆਧੁਨਿਕ ਸਾਇੰਸ ਲੈਬਾਂ ਨਾਲ ਲੈਸ ਕੀਤਾ ਜਾ ਰਿਹਾ ਹੈ, ਜਦੋਂ ਕਿ ਨਵੇਂ ਕੋਰਸ ਵਿਦਿਆਰਥੀਆਂ ਨੂੰ ਉੱਭਰ ਰਹੀਆਂ ਤਕਨਾਲੋਜੀਆਂ ਅਤੇ ਨਵੇਂ ਜ਼ਮਾਨੇ ਦੇ ਕਰੀਅਰ ਲਈ ਤਿਆਰ ਕਰ ਰਹੇ ਹਨ। ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਉਹੀ ਮਿਆਰੀ ਸਿੱਖਿਆ ਅਤੇ ਮੌਕੇ ਮਿਲਣ ਜੋ ਵਿਸ਼ੇਸ਼ ਅਧਿਕਾਰ ਪ੍ਰਾਪਤ ਵਿਦਿਆਰਥੀਆਂ ਨੂੰ ਮਿਲਦੇ ਹਨ।”
ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਨਵੀਆਂ ਅਧਿਆਪਨ ਵਿਧੀਆਂ ਸਿੱਖਣ ਅਤੇ ਪੰਜਾਬ ਦੇ ਕਲਾਸਰੂਮਾਂ ਵਿੱਚ ਅੰਤਰਰਾਸ਼ਟਰੀ ਅਧਿਆਪਨ ਕਵਾਇਦਾਂ ਲਿਆਉਣ ਲਈ ਸਿੰਗਾਪੁਰ ਅਤੇ ਫਿਨਲੈਂਡ ਭੇਜਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ, “ਸਰਕਾਰ ਸਿੱਖਣ ਦੀ ਪ੍ਰਕਿਰਿਆ ਨੂੰ ਵਧੇਰੇ ਦਿਲਚਸਪ, ਪਰਸਪਰ ਪ੍ਰਭਾਵਸ਼ਾਲੀ ਅਤੇ ਸਮਕਾਲੀ ਲੋੜਾਂ ਅਨੁਸਾਰ ਢੁਕਵਾਂ ਬਣਾ ਰਹੀ ਹੈ, ਜਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਹੋਰ ਉੱਭਰ ਰਹੀ ਤਕਨਾਲੋਜੀ ਵਿਦਿਆਰਥੀਆਂ ਲਈ ਨਵੇਂ ਰਾਹ ਖੋਲ੍ਹ ਰਹੀ ਹੈ।”
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਦਾ ਉਦੇਸ਼ ਨੌਜਵਾਨਾਂ ਨੂੰ ਤੇਜ਼ੀ ਨਾਲ ਮੁਕਾਬਲੇਬਾਜ਼ੀ ਵਾਲੇ ਸੰਸਾਰ ਵਿੱਚ ਸਫ਼ਲ ਹੋਣ ਲਈ ਲੋੜੀਂਦੇ ਗਿਆਨ, ਆਤਮ-ਵਿਸ਼ਵਾਸ ਅਤੇ ਵਿਹਾਰਕ ਸਮਰੱਥਾਵਾਂ ਨਾਲ ਲੈਸ ਕਰਨਾ ਹੈ।
ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੀ ਤਰੱਕੀ ਦੀ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੀਤੀ ਆਯੋਗ ਅਨੁਸਾਰ ਪੰਜਾਬ 2022 ਤੋਂ ਪਹਿਲਾਂ 27ਵੇਂ ਸਥਾਨ ਤੋਂ ਉੱਪਰ ਉੱਠ ਕੇ ਸਿਖਰਲੇ ਸਥਾਨ `ਤੇ ਪਹੁੰਚ ਗਿਆ ਹੈ। ਉਨ੍ਹਾਂ ਇਸ ਪ੍ਰਾਪਤੀ ਦਾ ਸਿਹਰਾ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ, ਅਧਿਆਪਨ ਦੇ ਮਿਆਰਾਂ ਨੂੰ ਮਜ਼ਬੂਤ ਕਰਨ ਅਤੇ ਆਰਥਿਕ ਪਿਛੋਕੜ ਤੋਂ ਉੱਪਰ ਉੱਠ ਕੇ ਮਿਆਰੀ ਸਿੱਖਿਆ ਤੱਕ ਪਹੁੰਚ ਵਧਾਉਣ ਲਈ ਕੀਤੇ ਗਏ ਨਿਰੰਤਰ ਯਤਨਾਂ ਨੂੰ ਦਿੱਤਾ।
ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਦ੍ਰਿੜ੍ਹ ਹੈ ਕਿ ਵਿੱਤੀ ਹਾਲਾਤ ਕਿਸੇ ਵੀ ਪ੍ਰਤਿਭਾਸ਼ਾਲੀ ਵਿਦਿਆਰਥੀ ਨੂੰ ਆਪਣੀ ਸਮਰੱਥਾ ਪ੍ਰਾਪਤ ਕਰਨ ਤੋਂ ਨਾ ਰੋਕ ਸਕਣ। ਉਨ੍ਹਾਂ ਕਿਹਾ, “ਸਿੱਖਿਆ ਇੱਕ ਬਰਾਬਰੀ ਵਾਲੇ ਅਤੇ ਖ਼ੁਸ਼ਹਾਲ ਸਮਾਜ ਦੀ ਨੀਂਹ ਹੈ। ਸਾਡੀ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਹਰ ਬੱਚੇ ਨੂੰ ਮਿਆਰੀ ਸਿੱਖਿਆ ਮਿਲੇ ਅਤੇ ਮੌਕੇ ਸਿਰਫ਼ ਉਨ੍ਹਾਂ ਤੱਕ ਸੀਮਤ ਨਾ ਰਹਿਣ, ਜੋ ਮਹਿੰਗੇ ਅਦਾਰਿਆਂ ਦੀਆਂ ਸੀਟਾਂ ਖ਼ਰੀਦ ਸਕਦੇ ਹਨ। ਅਸੀਂ ਨੌਜਵਾਨਾਂ ਨੂੰ ਆਧੁਨਿਕ ਹੁਨਰਾਂ, ਤਕਨੀਕੀ ਗਿਆਨ ਅਤੇ ਉੱਦਮੀ ਸੋਚ ਨਾਲ ਲੈਸ ਕਰਨਾ ਚਾਹੁੰਦੇ ਹਾਂ ਤਾਂ ਜੋ ਉਹ ਨੌਕਰੀਆਂ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਦੇਣ ਵਾਲੇ ਬਣਨ।”
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਪਰਿਵਾਰਾਂ ਦੇ 882 ਵਿਦਿਆਰਥੀਆਂ ਦਾ ਨੀਟ ਪ੍ਰੀਖਿਆ ਵਿੱਚ ਸਫ਼ਲ ਹੋਣਾ ਇਹ ਸਾਬਤ ਕਰਦਾ ਹੈ ਕਿ ਪ੍ਰਤਿਭਾ ਸਿਰਫ਼ ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕਾਂ ਦੀ ਜਾਗੀਰ ਨਹੀਂ ਹੈ ਅਤੇ ਜਦੋਂ ਵਿਦਿਆਰਥੀਆਂ ਨੂੰ ਸਹੀ ਮੌਕੇ ਅਤੇ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਉਹ ਸ਼ਾਨਦਾਰ ਪ੍ਰਦਰਸ਼ਨ ਕਰ ਸਕਦੇ ਹਨ।
ਉਨ੍ਹਾਂ ਇਸ ਗੱਲ `ਤੇ ਵੀ ਜ਼ੋਰ ਦਿੱਤਾ ਕਿ ਸੂਬਾ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਉਸ ਦੇ ਕਾਰਜਕਾਲ ਦੌਰਾਨ ਅਨੁਸੂਚਿਤ ਜਾਤੀਆਂ ਦੇ ਵਜ਼ੀਫ਼ੇ ਦੀਆਂ ਅਦਾਇਗੀਆਂ ਵਿੱਚ ਇੱਕ ਸਮੈਸਟਰ ਲਈ ਵੀ ਦੇਰੀ ਨਾ ਹੋਵੇ, ਜਿਸ ਨਾਲ ਆਰਥਿਕ ਤੌਰ `ਤੇ ਕਮਜ਼ੋਰ ਪਿਛੋਕੜ ਵਾਲੇ ਵਿਦਿਆਰਥੀ ਬਿਨਾਂ ਕਿਸੇ ਬੇਲੋੜੀ ਵਿੱਤੀ ਬੇਯਕੀਨੀ ਦੇ ਆਪਣੀ ਉੱਚ ਸਿੱਖਿਆ ਜਾਰੀ ਰੱਖ ਸਕਣ। ਉਨ੍ਹਾਂ ਕਿਹਾ, “ਪ੍ਰਤਿਭਾ ਸਮਾਜ ਦੇ ਹਰ ਵਰਗ ਵਿੱਚ ਮੌਜੂਦ ਹੈ। ਨੌਜਵਾਨਾਂ ਨੂੰ ਜਿਸ ਚੀਜ਼ ਦੀ ਲੋੜ ਹੈ, ਉਹ ਹੈ ਨਿਰਪੱਖ ਮੌਕਾ, ਮਿਆਰੀ ਸਿੱਖਿਆ ਅਤੇ ਸਹੀ ਸਹਾਇਤਾ। ਸਾਡੀ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ ਕਿ ਵਿੱਤੀ ਅੜਿੱਕਾ ਸਿੱਖਿਆ ਦੇ ਰਾਹ ਵਿੱਚ ਰੁਕਾਵਟ ਨਾ ਬਣੇ ਅਤੇ ਯੋਗ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣ।”
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੇ ਬਿਨਾਂ ਕਿਸੇ ਪੈਸੇ, ਸਿਫ਼ਾਰਸ਼ ਜਾਂ ਪੱਖਪਾਤ ਦੇ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ `ਤੇ 70,685 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ, “ਪਾਰਦਰਸ਼ੀ ਭਰਤੀ ਨੇ ਨੌਜਵਾਨਾਂ ਦਾ ਆਤਮ-ਵਿਸ਼ਵਾਸ ਬਹਾਲ ਕੀਤਾ ਹੈ ਅਤੇ ਇਹ ਸਾਬਤ ਕੀਤਾ ਹੈ ਕਿ ਸਰਕਾਰੀ ਰੋਜ਼ਗਾਰ ਸਿਫ਼ਾਰਸ਼ ਦੀ ਬਜਾਏ ਸਖ਼ਤ ਮਿਹਨਤ ਅਤੇ ਯੋਗਤਾ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। ਸਾਡੀ ਤਰਜੀਹ ਅਜਿਹਾ ਮਾਹੌਲ ਸਿਰਜਣਾ ਹੈ, ਜਿੱਥੇ ਹਰ ਯੋਗ ਨੌਜਵਾਨ ਨੂੰ ਸਫ਼ਲ ਹੋਣ ਦਾ ਮੌਕਾ ਮਿਲੇ।”
ਉਨ੍ਹਾਂ ਡਿਗਰੀਆਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਤਕਨਾਲੋਜੀ, ਨਵੀਨਤਾ, ਉਦਯੋਗ ਅਤੇ ਉੱਦਮਤਾ ਵਿੱਚ ਉੱਭਰ ਰਹੇ ਮੌਕਿਆਂ ਦਾ ਲਾਭ ਉਠਾਉਣ ਅਤੇ ਪੰਜਾਬ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ।
ਵਿਦਿਆਰਥੀਆਂ ਨੂੰ ਸਰਗਰਮ, ਉਦੇਸ਼ਪੂਰਨ ਅਤੇ ਆਪਣੇ ਟੀਚਿਆਂ ਪ੍ਰਤੀ ਵਚਨਬੱਧ ਰਹਿਣ ਲਈ ਪ੍ਰੇਰਿਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਮੌਕੇ ਪੈਦਾ ਕਰਨਾ ਅਤੇ ਜ਼ਰੂਰੀ ਸਹਾਇਤਾ ਪ੍ਰਦਾਨ ਕਰਨਾ ਹੈ, ਜਦੋਂ ਕਿ ਨੌਜਵਾਨਾਂ ਨੂੰ ਉਚਾਈਆਂ `ਤੇ ਪਹੁੰਚਣ ਲਈ ਉਨ੍ਹਾਂ ਮੌਕਿਆਂ ਦੀ ਵਰਤੋਂ ਕਰਨੀ ਪਵੇਗੀ। ਉਨ੍ਹਾਂ ਕਿਹਾ, “ਸਰਕਾਰ ਇਕ ਹਵਾਈ ਅੱਡੇ ਦੇ ਰਨਵੇਅ ਵਰਗੀ ਹੁੰਦੀ ਹੈ, ਜੋ ਹਵਾਈ ਜਹਾਜ਼ ਨੂੰ ਉਡਾਣ ਭਰਨ ਲਈ ਪਲੇਟਫਾਰਮ ਪ੍ਰਦਾਨ ਕਰਦੀ ਹੈ। ਅਸੀਂ ਮੌਕੇ ਪੈਦਾ ਕਰ ਸਕਦੇ ਹਾਂ ਅਤੇ ਸਹਾਇਤਾ ਪ੍ਰਦਾਨ ਕਰ ਸਕਦੇ ਹਾਂ, ਪਰ ਉਚਾਈਆਂ ਤੱਕ ਪਹੁੰਚਣਾ ਨੌਜਵਾਨਾਂ `ਤੇ ਨਿਰਭਰ ਕਰਦਾ ਹੈ। ਪੰਜਾਬ ਦੇ ਨੌਜਵਾਨਾਂ ਵਿੱਚ ਅਥਾਹ ਪ੍ਰਤਿਭਾ ਹੈ ਅਤੇ ਸਾਡੀ ਤਰਜੀਹ ਅਜਿਹਾ ਮਾਹੌਲ ਸਿਰਜਣਾ ਹੈ, ਜਿੱਥੇ ਉਨ੍ਹਾਂ ਦੀ ਸਮਰੱਥਾ ਦਾ ਸੂਬੇ ਦੇ ਅੰਦਰ ਹੀ ਪੂਰਾ ਲਾਹਾ ਲਿਆ ਜਾ ਸਕੇ।”