ਸ਼ੰਭੂ ਧਮਾਕਾ ਮਾਮਲਾ ਸੁਲਝਿਆ, ਮੁੱਖ ਸਾਥੀ ਗੁਰਜਿੰਦਰ ਸਿੰਘ ਗ੍ਰਿਫ਼ਤਾਰ : ਡੀਜੀਪੀ

ਅੰਮ੍ਰਿਤਸਰ, 02 ਮਈ 2026 : ਬੀਤੇ ਕੁੱਝ‌ ਦਿਨ ਪਹਿਲਾਂ ਪਟਿਆਲਾ ਦੇ ਸ਼ੰਭੂ ਰੇਲਵੇ ਟਰੈਕ ਧਮਾਕੇ ਦੇ ਮਾਮਲੇ ਵਿੱਚ ਪੰਜਾਬ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ, ਜਿਸ ਵਿਚ ਪੁਲਸ ਮੁਲਾਜ਼ਮਾਂ ਨੇ ਇਸ ਮਾਮਲੇ ਦੇ ਮੁੱਖ ਸਾਥੀ ਗੁਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਦੇ ਅਨੁਸਾਰ ਇਸ ਸਾਂਝੀ ਕਾਰਵਾਈ ਦੌਰਾਨ ਐਸਐਸਓਸੀ ਅੰਮ੍ਰਿਤਸਰ, ਪਟਿਆਲਾ ਪੁਲਿਸ ਅਤੇ ਸੀਆਈ ਪਠਾਨਕੋਟ ਦੀ ਟੀਮ ਨੇ ਗੁਰਜਿੰਦਰ ਸਿੰਘ ਉਰਫ਼ ਬਾਬਾ ਬੇਅੰਤ ਨੂੰ ਗ੍ਰਿਫ਼ਤਾਰ ਕੀਤਾ, ਜੋ ਕਿ ਗੁਰਦਾਸਪੁਰ ਦੇ ਧਾਰੀਵਾਲ ਇਲਾਕੇ ਦਾ ਰਹਿਣ ਵਾਲਾ ਹੈ।

ਇਸਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਨਾ ਸਿਰਫ਼ ਸ਼ੰਭੂ ਧਮਾਕੇ ਨਾਲ ਜੁੜਿਆ ਹੋਇਆ ਸੀ, ਸਗੋਂ ਉਹ ਸਰਹਿੰਦ ਰੇਲਵੇ ਟਰੈਕ ਵਿਸਫੋਟ ਅਤੇ ਮੋਗਾ ਵਿੱਚ ਸੀਆਈਏ ਦਫ਼ਤਰ ‘ਤੇ ਹੋਏ ਗ੍ਰਨੇਡ ਹਮਲੇ ਵਿੱਚ ਵੀ ਸ਼ਾਮਲ ਰਿਹਾ ਹੈ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਸਾਰੀ ਸਾਜ਼ਿਸ਼ ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰਿਆਂ ‘ਤੇ ਅੰਜ਼ਾਮ ਦਿੱਤੀ ਗਈ ਸੀ, ਜਿਸਦਾ ਮਕਸਦ ਸੂਬੇ ਵਿੱਚ ਅਸਥਿਰਤਾ ਪੈਦਾ ਕਰਨਾ ਸੀ।

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਸਫਲਤਾ ਸੁਰੱਖਿਆ ਏਜੰਸੀਆਂ ਦੀ ਸਚੇਤਤਾ ਅਤੇ ਤਿਆਰੀ ਦਾ ਨਤੀਜਾ ਹੈ ਅਤੇ ਸਪਸ਼ਟ ਸੰਦੇਸ਼ ਹੈ ਕਿ ਰਾਜ ਵਿੱਚ ਕਿਸੇ ਵੀ ਕਿਸਮ ਦੀ ਅੱਤਵਾਦੀ ਸਰਗਰਮੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Scroll to Top