ਸ਼ੁਤਰਾਣਾ ਹਲਕੇ ਦੇ 56 ਪਿੰਡਾਂ ਦੀ 68,500 ਏਕੜ ਜ਼ਮੀਨ ਨੂੰ ਮਿਲਿਆ ਸਿੰਚਾਈ ਲਈ ਨਹਿਰੀ ਪਾਣੀ: ਬਰਿੰਦਰ ਗੋਇਲ
ਘੱਗਾ/ਬਾਦਸ਼ਾਹਪੁਰ/ਸ਼ੁਤਰਾਣਾ/ਪਾਤੜਾਂ
ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਸਹੂਲਤ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ੁਤਰਾਣਾ ਹਲਕੇ ਵਿੱਚ 80.35 ਕਰੋੜ ਰੁਪਏ ਦੀ ਲਾਗਤ ਨਾਲ 137.13 ਕਿਲੋਮੀਟਰ ਨਹਿਰਾਂ, ਰਜਬਾਹਿਆਂ ਅਤੇ ਸਬ-ਮਾਈਨਰਾਂ ਦਾ ਨਵੀਨੀਕਰਨ ਕੀਤਾ ਗਿਆ ਹੈ, ਜਿਸ ਨਾਲ 56 ਪਿੰਡਾਂ ਦੀ ਲਗਭਗ 68,500 ਏਕੜ ਜ਼ਮੀਨ ਨੂੰ ਸਿੰਚਾਈ ਲਈ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਇਸ ਤਹਿਤ 2 ਨਹਿਰਾਂ, 14 ਕੁੱਲ ਮਾਈਨਰ ਅਤੇ ਸਬ-ਮਾਈਨਰਾਂ ਦਾ ਨਵੀਨੀਕਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 53.9 ਕਿਲੋਮੀਟਰ ਪਾਈਪਲਾਈਨਾਂ ਵਿਛਾਈਆਂ ਗਈਆਂ ਹਨ, ਜਿਨ੍ਹਾਂ ’ਤੇ 8.89 ਕਰੋੜ ਰੁਪਏ ਦੀ ਲਾਗਤ ਆਈ ਹੈ। ਇਨ੍ਹਾਂ ਪਾਈਪਲਾਈਨਾਂ ਰਾਹੀਂ 18 ਪਿੰਡਾਂ ਦੀ ਕਰੀਬ 9,302 ਏਕੜ ਜ਼ਮੀਨ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ।
ਸ੍ਰੀ ਬਰਿੰਦਰ ਗੋਇਲ ਨੇ ਬਾਦਸ਼ਾਹਪੁਰ ਵਿਖੇ ਘੱਗਰ ਬੰਨ੍ਹ ਮਜ਼ਬੂਤ ਕਰਨ ਦਾ ਜਾਇਜ਼ਾ ਲਿਆ ਅਤੇ ਦੱਸਿਆ ਕਿ ਡਰੇਨੇਜ ਵਿਭਾਗ ਨੇ ਘੱਗਰ ਦੇ ਕਿਨਾਰੇ, ਜਿੱਥੇ ਕਿਤੇ ਢਾਹ ਲੱਗਣ ਦਾ ਖ਼ਦਸ਼ਾ ਸੀ, ਉੱਥੇ 1000 ਫੁੱਟ ਖੇਤਰ ‘ਤੇ 2.46 ਕਰੋੜ ਰੁਪਏ ਖਰਚ ਕਰਕੇ ਪੱਥਰ ਤੇ ਜਾਲੀ ਲਗਾ ਕੇ ਮਜ਼ਬੂਤ ਕੀਤਾ ਹੈ। ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਬਰਿੰਦਰ ਗੋਇਲ ਨੇ ਕਿਹਾ ਕਿ ਡਰੇਨੇਜ ਵਿਭਾਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਦਾਇਤ ਅਨੁਸਾਰ ਪਿਛਲੇ ਸਾਲ ਦੌਰਾਨ ਘੱਗਰ ਦੇ ਬੰਨ੍ਹ ਮਜ਼ਬੂਤ ਕਰਨ ਲਈ ਜੋ ਕੰਮ ਕੀਤਾ ਉਹ ਕਦੇ ਪਿਛਲੇ 50 ਸਾਲਾਂ ਵਿੱਚ ਨਹੀਂ ਹੋਇਆ, ਜਿਸ ਕਰਕੇ ਲੰਘੇ ਸਾਲ ਘੱਗਰ ਨਦੀ ਵਿੱਚ ਬਹੁਤਾਤ ‘ਚ ਆਏ ਪਾਣੀ ਦੇ ਬਾਵਜੂਦ ਕਿਸੇ ਵੀ ਥਾਂ ‘ਤੇ ਕੋਈ ਬੰਨ੍ਹ ਨਹੀਂ ਟੁੱਟਿਆ। ਉਨ੍ਹਾਂ ਦੱਸਿਆ ਕਿ ਬਾਦਸ਼ਾਹਪੁਰ ਵਿਖੇ ਵੀ ਖਨੌਰੀ ਦੀ ਤਰ੍ਹਾਂ ਗੇਜ ਲਗਾਈ ਜਾਵੇਗੀ ਅਤੇ ਹੁਣ ਤੱਕ ਹੜ੍ਹਾਂ ਤੋਂ ਬਚਾਅ ਦੇ ਕਾਰਜ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਉਹ ਕਾਰ ਸੇਵਾ, ਲੋਕਾਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦੀ ਹਨ।