ਚੰਡੀਗੜ੍ਹ, 11 ਜੂਨ 2026 : ਵੋਟਰ ਸੂਚੀਆਂ ਦੀ ਸੁਧਾਈ ਨੂੰ ਲੈ ਕੇ ਅਗਾਮੀ 15 ਜੂਨ ਤੋ ਵਿਸ਼ੇਸ਼ ਅਭਿਆਨ ਚਲੇਗਾ। ਇਸ ਸਬੰਘੀ ਜਾਣਕਾਰੀ ਦਿੰਦੇ ਚੋਣ ਅਧਿਕਾਰੀਆਂ ਨੇ ਦਸਿਆ ਕਿ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਨੂੰ ਹੋਰ ਸ਼ੁੱਧ ਅਤੇ ਅਪਡੇਟ ਬਣਾਉਣ ਲਈ ਚੰਡੀਗੜ੍ਹ ਵਿੱਚ 15 ਜੂਨ ਤੋਂ ਵਿਸ਼ੇਸ਼ ਤੀਬਰ ਸੋਧ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਦੌਰਾਨ ਸ਼ਹਿਰ ਦੇ ਸਾਰੇ ਦਰਜ ਵੋਟਰਾਂ ਦੀ ਜਾਣਕਾਰੀ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗਲਤੀ, ਦੁਹਰਾਈ ਜਾਂ ਗੈਰ-ਵੈਧ ਐਂਟਰੀ ਨੂੰ ਦੂਰ ਕੀਤਾ ਜਾ ਸਕੇ।
ਮੁੱਖ ਚੋਣ ਅਧਿਕਾਰੀ ਪ੍ਰੇਰਨਾ ਪੁਰੀ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਨਿਸ਼ਾਂਤ ਕੁਮਾਰ ਯਾਦਵ ਨੇ ਦੱਸਿਆ ਕਿ ਮੁਹਿੰਮ ਦੌਰਾਨ ਹਰ ਦਰਜ ਵੋਟਰ ਨੂੰ ਗਣਨਾ ਫਾਰਮ ਭਰਨਾ ਲਾਜ਼ਮੀ ਹੋਵੇਗਾ। ਜਿਹੜੇ ਵਿਅਕਤੀ ਨਿਰਧਾਰਤ ਸਮੇਂ ਵਿੱਚ ਆਪਣੀ ਜਾਣਕਾਰੀ ਦੀ ਪੁਸ਼ਟੀ ਨਹੀਂ ਕਰਨਗੇ, ਉਨ੍ਹਾਂ ਦੇ ਨਾਮ ਮਸੌਦਾ ਵੋਟਰ ਸੂਚੀ ਵਿੱਚ ਸ਼ਾਮਲ ਨਾ ਹੋਣ ਦੀ ਸੰਭਾਵਨਾ ਰਹੇਗੀ।
ਚੋਣ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੁਹਿੰਮ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਦੇਸ਼ ਦੇ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਕੱਠੇ ਚਲਾਈ ਜਾ ਰਹੀ ਹੈ। ਇਸ ਦਾ ਮੁੱਖ ਉਦੇਸ਼ ਮ੍ਰਿਤਕ, ਸਥਾਨ ਤਬਦੀਲ ਕਰ ਚੁੱਕੇ ਅਤੇ ਡੁਪਲੀਕੇਟ ਵੋਟਰਾਂ ਦੀ ਪਛਾਣ ਕਰਕੇ ਵੋਟਰ ਸੂਚੀ ਨੂੰ ਹੋਰ ਭਰੋਸੇਯੋਗ ਬਣਾਉਣਾ ਹੈ।