ਵਿਸ਼ਵ ਸਾਈਕਲ ਦਿਵਸ ਮੌਕੇ ਅਸਮਿਤਾ ਖੇਲੋ ਇੰਡੀਆ ਵੂਮੈਨ ਸਿਟੀ ਲੀਗ ਅਤੇ ਵਿਸ਼ਾਲ ਸਾਈਕਲ ਰੈਲੀ

ਪਟਿਆਲਾ, 1 ਜੂਨ – ਵਿਸ਼ਵ ਸਾਈਕਲ ਦਿਵਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਪੰਜਾਬ ਵੱਲੋਂ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਪਟਿਆਲਾ ਦੇ ਸਹਿਯੋਗ ਨਾਲ ਪਟਿਆਲਾ ਵਿਖੇ ਅਸਮਿਤਾ ਖੇਲੋ ਇੰਡੀਆ ਵੂਮੈਨ ਸਿਟੀ ਲੀਗ ਅਤੇ ਵਿਸ਼ਾਲ ਸਾਈਕਲ ਰੈਲੀ ਕਰਵਾਈ ਗਈ। ਇਸ ਸਮਾਗਮ ਦਾ ਉਦੇਸ਼ ਮਹਿਲਾਵਾਂ ਨੂੰ ਖੇਡਾਂ ਰਾਹੀਂ ਸਸ਼ਕਤ ਬਣਾਉਣਾ, ਨੌਜਵਾਨ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨਾ ਅਤੇ ਸਾਈਕਲਿੰਗ ਨੂੰ ਸਿਹਤਮੰਦ ਅਤੇ ਵਾਤਾਵਰਣ ਪੱਖੀ ਜੀਵਨ ਸ਼ੈਲੀ ਵਜੋਂ ਪ੍ਰਫੁੱਲਤ ਕਰਨਾ ਸੀ।
ਇਹ ਸਮਾਗਮ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਸਪੋਰਟਸ ਅਥਾਰਟੀ ਆਫ ਇੰਡੀਆ, ਫਿੱਟ ਇੰਡੀਆ ਅਤੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ “ਖੇਲ ਸੇ ਹੀ ਹੈ ਪਹਿਚਾਨ” ਮੁਹਿੰਮ ਤਹਿਤ ਕਰਵਾਇਆ ਗਿਆ।
ਸਮਾਗਮ ਦੇ ਮੁੱਖ ਮਹਿਮਾਨ ਦ੍ਰੋਣਾਚਾਰਿਆ ਐਵਾਰਡੀ ਕੋਚ ਗੁਰਬਖਸ਼ ਸਿੰਘ ਅਤੇ ਪਦਮਸ਼੍ਰੀ ਤੇ ਅਰਜੁਨ ਐਵਾਰਡੀ ਹਰਵਿੰਦਰ ਸਿੰਘ ਸਨ। ਇਸ ਮੌਕੇ ਦ੍ਰੋਣਾਚਾਰਿਆ ਐਵਾਰਡੀ ਗੁਰਬਖਸ਼ ਸਿੰਘ ਨੇ ਕਿਹਾ, “ਖੇਡਾਂ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹਨ। ਅਸਮਿਤਾ ਖੇਲੋ ਇੰਡੀਆ ਵਰਗੀਆਂ ਪਹਿਲਕਦਮੀਆਂ ਮਹਿਲਾ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਰਾਸ਼ਟਰੀ ਪੱਧਰ ‘ਤੇ ਅੱਗੇ ਵਧਣ ਲਈ ਬੇਹਤਰੀਨ ਮੌਕੇ ਪ੍ਰਦਾਨ ਕਰਦੀਆਂ ਹਨ। ਪੰਜਾਬ ਦੀਆਂ ਧੀਆਂ ਸਾਈਕਲਿੰਗ ਸਮੇਤ ਹਰ ਖੇਡ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ, ਜੋ ਕਿ ਬਹੁਤ ਮਾਣ ਵਾਲੀ ਗੱਲ ਹੈ।”
ਪਦਮਸ਼੍ਰੀ ਅਤੇ ਅਰਜੁਨ ਐਵਾਰਡੀ ਹਰਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ, “ਸਾਈਕਲਿੰਗ ਸਿਰਫ਼ ਇੱਕ ਖੇਡ ਹੀ ਨਹੀਂ, ਸਗੋਂ ਸਿਹਤਮੰਦ ਅਤੇ ਵਾਤਾਵਰਣ ਪੱਖੀ ਜੀਵਨ ਸ਼ੈਲੀ ਦਾ ਪ੍ਰਤੀਕ ਵੀ ਹੈ। ਵਿਸ਼ਵ ਸਾਈਕਲ ਦਿਵਸ ਮੌਕੇ ਕਰਵਾਏ ਗਏ ਇਸ ਸਮਾਗਮ ਵਿੱਚ ਨੌਜਵਾਨਾਂ ਅਤੇ ਮਹਿਲਾਵਾਂ ਦੀ ਵੱਡੀ ਸ਼ਮੂਲੀਅਤ ਇਹ ਦਰਸਾਉਂਦੀ ਹੈ ਕਿ ਪੰਜਾਬ ਵਿੱਚ ਖੇਡਾਂ ਪ੍ਰਤੀ ਜਾਗਰੂਕਤਾ ਅਤੇ ਉਤਸ਼ਾਹ ਲਗਾਤਾਰ ਵੱਧ ਰਿਹਾ ਹੈ। ਮੈਂ ਜੇਤੂ ਖਿਡਾਰਣਾਂ ਨੂੰ ਵਧਾਈ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਉਹ ਭਵਿੱਖ ਵਿੱਚ ਦੇਸ਼ ਲਈ ਹੋਰ ਵੱਡੀਆਂ ਪ੍ਰਾਪਤੀਆਂ ਹਾਸਲ ਕਰਨਗੀਆਂ।”
ਸਵੇਰੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐਨ.ਆਈ.ਐਸ.) ਦੇ ਮੁੱਖ ਗੇਟ ਨੇੜੇ ਸਥਿਤ ਹੋਟਲ ਰੈੱਡ ਚਿੱਲੀ ਤੋਂ ਵਿਸ਼ਾਲ ਸਾਈਕਲ ਰੈਲੀ ਨੂੰ ਰਵਾਨਾ ਕੀਤਾ ਗਿਆ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸਾਈਕਲਿੰਗ ਪ੍ਰੇਮੀਆਂ, ਖਿਡਾਰੀਆਂ, ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਨੇ ਹਿੱਸਾ ਲਿਆ। ਇਹ ਰੈਲੀ ਫੁਹਾਰਾ ਚੌਂਕ ਤਕ ਕੱਢੀ ਗਈ, ਜਿਸ ਰਾਹੀਂ ਲੋਕਾਂ ਨੂੰ ਫਿਟਨੈੱਸ, ਸਿਹਤਮੰਦ ਜੀਵਨ ਅਤੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਉਪਰੰਤ ਅਸਮਿਤਾ ਖੇਲੋ ਇੰਡੀਆ ਵੁਮਨ ਲੀਗ ਦੇ ਮੁਕਾਬਲੇ ਕਰਵਾਏ ਗਏ।
Scroll to Top