ਰਾਜਪੁਰਾ, 12 ਅਪ੍ਰੈਲ : ਇਥੋਂ ਨੇੜਲੇ ਪਿੰਡ ਖਾਨਪੁਰ ਗੰਡਿਆ (ਰੇਲੂ) ਦੇ ਗੁਰਦੁਆਰਾ ਸਾਹਿਬ ਵਿਖੇ ਬਲਾਕ ਸੰਮਤੀ ਮੈਂਬਰ ਭੁਪਿੰਦਰ ਸਿੰਘ ਭਿੰਦਾ ਵੱਲੋਂ ਪੰਚਾਇਤ ਸੰਮਤੀ ਸੰਭੂ ਕਲਾਂ ਦਾ ਵਾਈਸ ਚੇਅਰਮੈਨ ਬਣਾਏ ਜਾਣ ਦੀ ਖੁਸ਼ੀ ਦੇ ਵਿੱਚ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਘਨੋਰ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਸ਼ਿਰਕਤ ਕੀਤੀ।
ਇਸ ਮੌਕੇ ਸ੍ਰੀ ਸੁਖਮਨੀ ਪਾਠ ਸਾਹਿਬ ਦੇ ਭੋਗ ਸਮਾਗਮ ਉਪਰੰਤ ਵਿਧਾਇਕ ਗੁਰਲਾਲ ਘਨੌਰ ਵੱਲੋਂ ਗੁਰੂ ਮਹਾਰਾਜ ਅੱਗੇ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਭਿੰਦਾ ਦੇ ਸੁਨਹਿਰੇ ਭਵਿੱਖ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਉਹਨਾਂ ਨੂੰ ਪੂਰਨ ਵਿਸ਼ਵਾਸ਼ ਹੈ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਮੈਂ ਹਲਕਾ ਘਨੌਰ ਦੀ ਨੁਹਾਰ ਬਦਲਣ ਅਤੇ ਆਪਣੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਚਨਬੱਧ ਹਾਂ। ਇਸੇ ਤਰ੍ਹਾਂ ਬਲਾਕ ਸੰਮਤੀ ਸ਼ੰਭੂ ਕਲਾ ਅਧੀਨ ਪੈਂਦੇ ਪਿੰਡਾਂ ਦੇ ਵਿੱਚ ਵਿਕਾਸ ਕਾਰਜਾਂ ਪੱਖੋਂ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਵਿਧਾਇਕ ਗੁਰਲਾਲ ਘਨੌਰ ਵੱਲੋਂ ਇਲਾਕੇ ਦੇ ਵਿਕਾਸ ਨੂੰ ਗਤੀ ਦਿੰਦਿਆਂ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ 2.5 ਕਰੋੜ ਰੁਪਏ ਦੀ ਲਾਗਤ ਨਾਲ ਰਾਜਪੁਰਾ-ਭੋਗਲਾ-ਖਾਨਪੁਰ ਭੋਗਲਾ ਤੋਂ ਸੁਹਰੋਂ ਤੱਕ ਦੀ ਸੜਕ ਦੇ ਨਵੀਨੀਕਰਨ ਦਾ ਕੰਮ ਵਿਸਾਖੀ ਤੋਂ ਤੁਰੰਤ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ। ਉਹਨਾਂ ਵੱਲੋਂ ਭੁਪਿੰਦਰ ਸਿੰਘ ਭਿੰਦਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੁਣ ਬਲਾਕ ਸੰਮਤੀ ਸ਼ੰਭੂ ਕਲਾ ਅਧੀਨ ਪੈਂਦੇ 92 ਪਿੰਡਾਂ ਦੇ ਵਿਕਾਸ ਕਾਰਜ ਵਾਈਸ ਚੇਅਰਮੈਨ ਦੇ ਹਸਤਾਖਰਾਂ ਦੇ ਤਹਿਤ ਉਹਨਾਂ ਦੀ ਅਗਵਾਈ ਦੇ ਵਿੱਚ ਮੁਕੰਮਲ ਕਰਵਾਏ ਜਾਣਗੇ।
ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਵੱਲੋਂ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਭਿੰਦਾ, ਉਹਨਾਂ ਦੇ ਪਰਿਵਾਰਿਕ ਮੈਂਬਰ, ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ ਬਲਾਕ ਸੰਮਤੀ ਮੈਂਬਰਾਂ ਦਾ ਸਿਰੋਂਪਾਓ ਪਾ ਕੇ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਭਿੰਦਾ ਵੱਲੋਂ ਹਲਕਾ ਘਨੋਰ ਵਿਧਾਇਕ ਗੁਰਲਾਲ ਸਿੰਘ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕਰਦਿਆਂ ਅੱਜ ਦੇ ਇਸ ਧਾਰਮਿਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਵਾਲੇ ਰਾਜਨੀਤਿਕ ਆਗੂਆਂ ਹੋਰਨਾ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮਾਜ ਸੇਵੀ ਰਣਜੋਧ ਸਿੰਘ ਜੋਧਾ, ਭਾਜਪਾ ਪੰਜਾਬ ਦੇ ਮੁੱਖ ਬੁਲਾਰੇ ਜਰਨੈਲ ਸਿੰਘ ਹੈਪੀ ਕੰਬੋਜ, ਵੱਖ ਵੱਖ ਪਿੰਡਾਂ ਦੇ ਸਰਪੰਚ ਪੰਚ ਅਤੇ ਪਿੰਡ ਖਾਨਪੁਰ ਗੰਡਿਆਂ ਵਾਸੀਆਂ ਨੇ ਹਾਜ਼ਰੀ ਲਗਵਾਈ।