ਯੂਨੀਵਰਸਿਟੀ ਵਿਖੇ ਕਾਨਵੋਕੇਸ਼ਨ ਦੀਆਂ ਤਿਆਰੀਆਂ ਜੋਰਾਂ ‘ਤੇ : 9 ਅਪ੍ਰੈਲ ਨੂੰ ਹੋਵੇਗੀ 41ਵੀਂ ਕਾਨਵੋਕੇਸ਼ਨ

ਪਟਿਆਲਾ, 3 ਅਪ੍ਰੈਲ – ਪੰਜਾਬੀ ਯੂਨੀਵਰਸਿਟੀ ਵਿਖੇ 9 ਅਪ੍ਰੈਲ, 2026 ਨੂੰ ਹੋਣ ਜਾ ਰਹੀ 41ਵੀਂ ਕਾਨਵੋਕੇਸ਼ਨ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਗਠਿਤ ਵੱਖ-ਵੱਖ ਕਮੇਟੀਆਂ ਆਪੋ ਆਪਣੇ ਹਿੱਸੇ ਦੇ ਕਾਰਜ ਮੁਕੰਮਲ ਕਰਨ ਵਿੱਚ ਲੱਗੀਆਂ ਹੋਈਆਂ ਹਨ। ਇਸ ਮੌਕੇ ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਪੰਜਾਬੀ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਹੋਣਗੇ। ਜ਼ਿਕਰਯੋਗ ਹੈ ਕਿ ਡਾ. ਜਗਦੀਪ ਸਿੰਘ ਵੱਲੋਂ ਉਪ-ਕੁਲਪਤੀ ਵਜੋਂ ਅਹੁਦਾ ਸੰਭਾਲ਼ਣ ਤੋਂ ਬਾਅਦ ਇਹ ਪਹਿਲੀ ਕਾਨਵੋਕੇਸ਼ਨ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਇਸ ਮੌਕੇ ਸੈਸ਼ਨ 2022-23 ਅਤੇ ਸੈਸ਼ਨ 2023-24 ਦੇ 725 ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਮੈਡਲ ਪ੍ਰਦਾਨ ਕੀਤੇ ਜਾਣਗੇ। ਇਸ ਗਿਣਤੀ ਵਿੱਚ 457 ਡਾਕਟਰੇਟ ਡਿਗਰੀਆਂ ਸ਼ਾਮਿਲ ਹਨ। ਜਦ ਕਿ 179 ਪੋਸਟ ਗ੍ਰੈਜੂਏਟ ਅਤੇ ਪੇਸ਼ੇਵਰ ਕੋਰਸਾਂ ਦੇ ਵਿਦਿਆਰਥੀ ਅਤੇ 86 ਅੰਡਰ ਗ੍ਰੈਜੂਏਟ ਕੋਰਸਾਂ ਦੇ ਟੌਪਰ ਵਿਦਿਆਰਥੀਆਂ ਨੂੰ ਮਿਲਣ ਵਾਲ਼ੇ ਵਿਦਿਆਰਥੀ ਸ਼ਾਮਿਲ ਹਨ। ਮੈਡਲਾਂ ਦੀ ਗਿਣਤੀ ਵਿੱਚ ਤਿੰਨ ਚਾਂਸਲਰ ਮੈਡਲ ਅਤੇ ਨੌਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਦਿੱਤੇ ਜਾਂਦੇ  ਮੈਡਲ (ਦੋ ਸਾਲਾਂ ਦੇ 18 ਮੈਡਲ) ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਇਸ ਸਮਾਗਮ ਨੂੰ ਇੱਕ ਅਕਾਦਮਿਕ ਉਤਸਵ ਵਾਂਗ ਮਨਾਉਣ ਲਈ ਵੱਡੇ ਪੱਧਰ ‘ਤੇ ਤਿਆਰੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਇਹ ਇੱਕ ਇਤਿਹਾਸਕ ਮੌਕਾ ਹੁੰਦਾ ਹੈ ਜਿੱਥੇ ਵਿਦਿਆਰਥੀਆਂ ਦੀ ਸਾਲਾਂ ਦੀ ਮਿਹਨਤ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਪੰਜਾਬੀ ਸਭਿਆਚਾਰ ਦੀ ਪ੍ਰਤੀਨਿਧਤਾ ਵਾਲ਼ੇ ਵਸਤਰ ਬਣਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਦੀ ਵਿਲੱਖਣਤਾ ਇਹ ਹੋਵੇਗੀ ਕਿ ਇਹ ਵਸਤਰ ਕਾਨਵੋਕੇਸ਼ਨ ਤੋਂ ਉਪਰੰਤ ਵਿਦਿਆਰਥੀ ਆਪਣੇ ਨਾਲ ਲੈ ਕੇ ਜਾ ਸਕਦੇ ਹਨ।
ਕੰਟਰੋਲਰ ਪ੍ਰੀਖਿਆਵਾਂ ਡਾ. ਮਨੀਸ਼ ਕਪੂਰ ਨੇ ਦੱਸਿਆ ਕਿ ਕਾਨਵੋਕੇਸ਼ਨ ਲਈ ਲਾਜ਼ਮੀ ਰਿਹਰਸਲ 8 ਅਪ੍ਰੈਲ ਨੂੰ ਦੁਪਹਿਰ 12 ਵਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਦੇ ਸ਼੍ਰੀ ਗੁਰੂ ਤੇਗ ਬਹਾਦਰ ਹਾਲ ਵਿਖੇ ਹੋਵੇਗੀ। ਜਿਹੜੇ ਉਮੀਦਵਾਰ ਸਮਰੱਥ ਅਧਿਕਾਰੀ ਦੁਆਰਾ ਤਸਦੀਕ ਕੀਤੇ ਸ਼ਨਾਖਤੀ ਐਂਟਰੀ ਕਾਰਡ ਆਪਣੇ ਨਾਲ ਨਹੀਂ ਲਿਆਉਣਗੇ ਜਾਂ ਰਿਹਰਸਲ ਅਟੈਂਡ ਨਹੀਂ ਕਰਨਗੇ, ਉਨ੍ਹਾਂ ਨੂੰ ਕਾਨਵੋਕੇਸ਼ਨ ਵਿੱਚ ਸ਼ਾਮਿਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਰਿਹਰਸਲ ਸ਼ੁਰੂ ਹੋਣ ਤੋਂ ਪਹਿਲਾਂ ਸਾਇੰਸ ਆਡੀਟੋਰੀਅਮ ਵਿਖੇ ਸਥਾਪਿਤ ਕੀਤੇ ਗਏ ਸਟਾਲ ਤੋਂ ਅਕਾਦਮਿਕ ਵਸਤਰ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਸਬੰਧੀ ਕਾਨਵੋਕੇਸ਼ਨ ‘ਤੇ ਵਿਦਿਆਰਥੀਆਂ ਤੋਂ ਇੱਕ ਹਜ਼ਾਰ ਰੁਪਏ ਪ੍ਰਤੀ ਵਿਦਿਆਰਥੀ ਚਾਰਜ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਰੈਗੂਲਰ ਉਮੀਦਵਾਰਾਂ ਨੂੰ ਉਨ੍ਹਾਂ ਦੀਆਂ ਸੰਸਥਾਵਾਂ ਅਤੇ ਵਿਭਾਗਾਂ ਰਾਹੀਂ ਅਤੇ ਪ੍ਰਾਈਵੇਟ ਉਮੀਦਵਾਰਾਂ ਨੂੰ ਸਿੱਧੇ ਤੌਰ ‘ਤੇ ਸੱਦਾ-ਪੱਤਰ ਭੇਜ ਦਿੱਤੇ ਗਏ ਹਨ। ਜਿਨ੍ਹਾਂ ਉਮੀਦਵਾਰਾਂ ਨੂੰ ਸੱਦਾ-ਪੱਤਰ ਪ੍ਰਾਪਤ ਨਹੀਂ ਹੋਏ, ਉਹ ਪ੍ਰੀਖਿਆ-ਸ਼ਾਖਾ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਿਗਰਾਨ ਸ. ਹਰਪ੍ਰੀਤ ਸਿੰਘ ਸਹਿਗਲ ਨੂੰ ਮੋਬਾਈਲ ਨੰ. 98780-41415 ‘ਤੇ, ਨਿਗਰਾਨ ਸ੍ਰੀਮਤੀ ਵੀਰਪਾਲ ਕੌਰ ਨੂੰ ਮੋਬਾਈਲ ਨੰ. 79019-85272 ‘ਤੇ ਅਤੇ ਕਲਰਕ ਸ੍ਰੀ ਦਵਿੰਦਰ ਸਿੰਘ ਨੂੰ ਮੋਬਾਈਲ ਨੰ. 98150-19312 ਤੇ’ ਸੰਪਰਕ ਕੀਤਾ ਜਾ ਸਕਦਾ ਹੈ।
Scroll to Top