ਮੋਹਾਲੀ, 06 ਮਈ 2026 : ਮੋਹਾਲੀ ਵਿੱਚ ਬੇਅਦਬੀ ਦੀ ਇਕ ਸੰਵੇਦਨਸ਼ੀਲ ਘਟਨਾ ਸਾਹਮਣੇ ਆਉਣ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ, ਜਿਸ ਕਾਰਨ ਲੋਕਾਂ ਅੰਦਰ ਭਾਂਰੀ ਰੋਸ ਤੇ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਵਲੋ ਦੋਸ਼ੀਆਂ ਦੀ ਗ੍ਰਿਫਤਾਰੀ ਤੁਰੰਤ ਕਰਨ ਦੀ ਮੰਗ ਕੀਤੀ ਗਈ ਹੈ।
ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਏਅਰਪੋਰਟ ਰੋਡ ‘ਤੇ ਸੋਹਾਣਾ ਸਾਹਿਬ ਗੁਰਦੁਆਰਾ ਨੇੜੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਸੜਕ ਕਿਨਾਰੇ ਸੁੱਟੇ ਜਾਣ ਦੀ ਜਾਣਕਾਰੀ ਮਿਲਣ ਨਾਲ ਲੋਕਾਂ ‘ਚ ਰੋਸ ਫੈਲ ਗਿਆ। ਸਵੇਰੇ ਤੱਕ ਇਹ ਮਾਮਲਾ ਤੇਜ਼ੀ ਨਾਲ ਫੈਲ ਗਿਆ ਅਤੇ ਸਿੱਖ ਜਥੇਬੰਦੀਆਂ ਸਮੇਤ ਵੱਖ-ਵੱਖ ਰਾਜਨੀਤਿਕ ਧਿਰਾਂ ਦੇ ਆਗੂ ਮੌਕੇ ‘ਤੇ ਇਕੱਠੇ ਹੋਣ ਲੱਗੇ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਵੀ ਤੁਰੰਤ ਪਹੁੰਚੀ, ਜਿੱਥੇ ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਭੀੜ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਲੋਕਾਂ ਵੱਲੋਂ ਗੁਟਕਾ ਸਾਹਿਬ ਦੇ ਟੁਕੜਿਆਂ ਨੂੰ ਸਤਿਕਾਰ ਨਾਲ ਇਕੱਠਾ ਕੀਤਾ ਗਿਆ। ਇਸ ਦੌਰਾਨ, ਸੋਸ਼ਲ ਮੀਡੀਆ ‘ਤੇ ਖ਼ਬਰ ਫੈਲਣ ਨਾਲ ਸਵੇਰੇ ਵੱਡੀ ਗਿਣਤੀ ਵਿੱਚ ਲੋਕ ਸਿੰਘ ਸ਼ਹੀਦਾਂ ਗੁਰਦੁਆਰਾ ਦੇ ਬਾਹਰ ਇਕੱਠੇ ਹੋ ਗਏ ਅਤੇ ਰੋਸ ਵਜੋਂ ਸੜਕ ਜਾਮ ਕਰ ਦਿੱਤੀ, ਜਿਸਤੋ ਬਾਅਦ ਅਧਿਕਾਰੀਆਂ ਵਲੋ ਸਖਤ ਕਾਰਵਾਈ ਦਾ ਭਰੋਸਾ ਦਿਵਾਇਆ ਗਿਆ।