ਮਲਟੀਪਰਪਜ਼ ਸਕੂਲ ਦੀ ਟੀਮ ਬਣੀ ਪੰਜਾਬ ਚੈਂਪੀਅਨ : ਪ੍ਰਿੰਸੀਪਲ ਮੈਡਮ ਵਿਜੇ ਕਪੂਰ ਨੇ ਕੋਚ ਸਮੇਤ ਖਿਡਾਰੀਆਂ ਨੂੰ ਦਿੱਤੀ ਮੁਬਾਰਕਬਾਦ
ਪਟਿਆਲਾ, 23 ਨਵੰਬਰ : ਪੀਐਮ ਸ਼੍ਰੀ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਟਿਆਲਾ ਦੀ ਬਾਸਕਟਬਾਲ ਟੀਮ ਨੇ ਇੱਕ ਵਾਰ ਫਿਰ ਤੋਂ ਰਾਜ ਪੱਧਰੀ ਖੇਡਾਂ ਵਿੱਚ ਜਿੱਤ ਦੇ ਝੰਡੇ ਗੱਡੇ ਹਨ। ਲੁਧਿਆਣਾ ਵਿਖੇ 70ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਬਾਸਕਟਬਾਲ ਅੰਡਰ-19 ਦੇ ਮੁਕਾਬਲੇ ਵਿੱਚ ਸਪੋਰਟਸ ਵਿੰਗ ਮਲਟੀਪਰਪਜ਼ ਸਕੂਲ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ ਹੈ।
ਖੇਡੇ ਗਏ ਮੈਚਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਸਕਟਬਾਲ ਦੇ ਅੰਤਰਰਾਸ਼ਟਰੀ ਰੈਫਰੀ ਅਤੇ ਕੋਚ ਅਮਰਜੋਤ ਸਿੰਘ ਮਾਵੀ ਨੇ ਦੱਸਿਆ ਕਿ ਪਹਿਲੇ ਲੀਗ ਮੈਚਾਂ ਵਿੱਚ ਕ੍ਰਮਵਾਰ ਐਸਏਐਸ ਨਗਰ ਨੂੰ 25-11, ਮਾਨਸਾ ਨੂੰ 46-22, ਪ੍ਰੀ-ਕੁਆਰਟਰ ਮੈਚ ਵਿੱਚ ਸੰਗਰੂਰ ਨੂੰ 53-18, ਕੁਆਟਰ ਫਾਈਨਲ ਮੈਚ ਵਿੱਚ ਹੁਸ਼ਿਆਰਪੁਰ ਨੂੰ, ਸੈਮੀ ਫਾਈਨਲ ਵਿੱਚ ਲੁਧਿਆਣਾ ਨੂੰ 71-41 ਅੰਕਾਂ ਨਾਲ ਆਪਣੀ ਜਿੱਤ ਦੀ ਲੜੀ ਲਗਾਤਾਰ ਜਾਰੀ ਰੱਖਦੇ ਹੋਏ ਫਾਈਨਲ ਮੈਚ ਵਿੱਚ ਜਲੰਧਰ ਨੂੰ 79-67 ਅੰਕਾਂ ਦੇ ਵੱਡੇ ਫਰਕ ਨਾਲ ਹਰਾਅ ਕੇ ਮਲਟੀਪਰਪਜ਼ ਸਕੂਲ ਦੀ ਬਾਸਕਟਬਾਲ ਟੀਮ ਪੰਜਾਬ ਚੈਂਪੀਅਨ ਬਣੀ ਹੈ।
ਉਕਤ ਜੇਤੂ ਖਿਡਾਰੀਆਂ ਅਤੇ ਕੋਚ ਸਾਹਿਬਾਨ ਦਾ ਸਕੂਲ ਪਹੁੰਚਣ ‘ਤੇ ਪ੍ਰਿੰਸੀਪਲ ਮੈਡਮ ਵਿਜੇ ਕਪੂਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਖਿਡਾਰੀਆਂ ਦੀ ਨਗਦ ਰਾਸ਼ੀ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਮੈਡਮ ਵਿਜੇ ਕਪੂਰ ਨੇ ਕਿਹਾ ਕਿ ਮਲਟੀਪਰਪਜ਼ ਸਕੂਲ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਹਮੇਸ਼ਾ ਅੱਗੇ ਰਿਹਾ ਹੈ। ਉਹਨਾਂ ਕਿਹਾ ਕਿ ਮਲਟੀਪਰਪਜ਼ ਸਕੂਲ ਦੇ ਵੱਡੀ ਗਿਣਤੀ ਖਿਡਾਰੀ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ‘ਤੇ ਪੰਜਾਬ, ਪਟਿਆਲਾ ਦਾ ਨਾਮ ਰੋਸ਼ਨ ਕਰ ਚੁੱਕੇ ਹਨ।
ਅਖੀਰ ਵਿੱਚ ਪ੍ਰਿੰਸੀਪਲ ਮੈਡਮ ਵਿਜੇ ਕਪੂਰ ਵੱਲੋਂ ਵਿਸ਼ੇਸ਼ ਤੌਰ ‘ਤੇ ਅੰਤਰਰਾਸ਼ਟਰੀ ਰੈਫਰੀ ਅਤੇ ਕੋਚ ਅਮਰਜੋਤ ਸਿੰਘ ਮਾਵੀ, ਰਮਨੀਕ ਅਹੂਜਾ ਅਤੇ ਟੀਮ ਮੈਨੇਜਰ ਇਕਬਾਲ ਸਿੰਘ ਨੂੰ ਮੁਬਾਰਕਬਾਦ ਦਿੱਤੀ ਗਈ।