ਬਿਹਾਰ ਨੂੰ ਮਿਲਣ ਜਾ ਰਿਹਾ ਨਵਾਂ ਸੀਐਮ, ਸਮਰਾਟ ਚੌਧਰੀ ਚੁਣੇ ਗਏ ਭਾਜਪਾ ਵਿਧਾਇਕ ਦਲ ਦੇ ਆਗੂ

ਪਟਨਾ, 14 ਅਪ੍ਰੈਲ 2026 : ਬਿਹਾਰ ਦੀ ਰਾਜਨੀਤੀ ਵਿੱਚ ਵੱਡਾ ਮੋੜ ਆ ਗਿਆ ਹੈ, ਜਿੱਥੇ ਸੱਤਾ ਪਰਿਵਰਤਨ ਦੇ ਸੰਕੇਤਾਂ ਦਰਮਿਆਨ ਸਮਰਾਟ ਚੌਧਰੀ ਨੂੰ ਭਾਜਪਾ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ ਹੈ ਅਤੇ ਉਹ ਸੂਬੇ ਦੇ ਅਗਲੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।
ਇਸ ਸਬੰਧੀ ਰਸਮੀ ਐਲਾਨ ਐਨਡੀਏ ਦੀ ਬੈਠਕ ਤੋਂ ਬਾਅਦ ਕੀਤਾ ਜਾਣਾ ਹੈ, ਜਦਕਿ ਸਹੁੰ ਚੁੱਕ ਸਮਾਗਮ 15 ਅਪ੍ਰੈਲ ਨੂੰ ਲੋਕ ਭਵਨ ਵਿੱਚ ਆਯੋਜਿਤ ਹੋਵੇਗਾ। ਇਸ ਦੇ ਨਾਲ ਹੀ ਬਿਹਾਰ ਨੂੰ ਪਹਿਲੀ ਵਾਰ ਭਾਜਪਾ ਤੋਂ ਮੁੱਖ ਮੰਤਰੀ ਮਿਲਣ ਜਾ ਰਿਹਾ ਹੈ। ਇਸਤੋਂ ਪਹਿਲਾਂ, ਮੌਜੂਦਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਹ ਸਮਰਾਟ ਚੌਧਰੀ ਅਤੇ ਵਜੇ ਕੁਮਾਰ ਚੌਧਰੀ ਨਾਲ ਰਾਜ ਭਵਨ ਪਹੁੰਚੇ ਅਤੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਿਆ।

ਅਸਤੀਫੇ ਤੋਂ ਬਾਅਦ ਨਿਤੀਸ਼ ਕੁਮਾਰ ਨੇ ਕਿਹਾ ਕਿ ਨਵੀਂ ਸਰਕਾਰ ਨੂੰ ਉਨ੍ਹਾਂ ਦਾ ਪੂਰਾ ਸਮਰਥਨ ਰਹੇਗਾ ਅਤੇ ਉਹ ਉਮੀਦ ਕਰਦੇ ਹਨ ਕਿ ਸੂਬਾ ਵਿਕਾਸ ਦੀ ਰਾਹ ‘ਤੇ ਹੋਰ ਤੇਜ਼ੀ ਨਾਲ ਅੱਗੇ ਵਧੇਗਾ।

ਇਸ ਦੌਰਾਨ ਕੇਂਦਰੀ ਮੰਤਰੀ ਸਿ਼ਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਸਾਰੇ ਵਿਧਾਇਕਾਂ ਨੇ ਵਿਜੇ ਕੁਮਾਰ ਸਿਨਹਾ ਵੱਲੋਂ ਪ੍ਰਸਤਾਵਿਤ ਨਾਮ ਨੂੰ ਸਹਿਮਤੀ ਦਿੱਤੀ, ਜਿਸ ਤੋਂ ਬਾਅਦ ਸਮਰਾਟ ਚੌਧਰੀ ਨੂੰ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਨੇ ਲੰਬੇ ਸਮੇਂ ਤੱਕ ਸੂਬੇ ਦੀ ਸੇਵਾ ਕੀਤੀ ਹੈ ਅਤੇ ਹੁਣ ਨਵੀਂ ਅਗਵਾਈ ਹੇਠ ਬਿਹਾਰ ਦੇ ਵਿਕਾਸ ਨੂੰ ਹੋਰ ਤੇਜ਼ੀ ਮਿਲੇਗੀ।

Scroll to Top