ਪੰਜਾਬ ਬੋਰਡ ਦੇ 10ਵੀਂ ਨਤੀਜੇ : ਪੇਂਡੂ ਵਿਦਿਆਰਥੀਆਂ ਦਾ ਦਬਦਬਾ, ਹਰਲੀਨ ਨੇ ਕੀਤਾ ਟਾਪ : ਬੈਸ

ਚੰਡੀਗੜ੍ਹ, 12 ਮਈ 2026 : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਇਸ ਵਾਰ ਪੇਂਡੂ ਇਲਾਕਿਆਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਹਿਰੀ ਖੇਤਰਾਂ ਨੂੰ ਪਿੱਛੇ ਛੱਡ ਦਿੱਤਾ ਹੈ। ਨਤੀਜਿਆਂ ਨੇ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਆਏ ਬਦਲਾਅ ਦੀ ਇੱਕ ਨਵੀਂ ਤਸਵੀਰ ਪੇਸ਼ ਕੀਤੀ ਹੈ।

ਬੋਰਡ ਦੇ ਅੰਕੜਿਆਂ ਅਨੁਸਾਰ ਪੇਂਡੂ ਖੇਤਰਾਂ ਦੀ ਪਾਸ ਦਰ 95.35 ਫੀਸਦੀ ਰਹੀ, ਜਦਕਿ ਸ਼ਹਿਰੀ ਸਕੂਲਾਂ ਦਾ ਨਤੀਜਾ 92.98 ਫੀਸਦੀ ਦਰਜ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਿੱਖਿਆ ਸੁਧਾਰਾਂ ਨੂੰ ਇਸ ਪ੍ਰਦਰਸ਼ਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਤੀਜਿਆਂ ‘ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਸਰਕਾਰ ਵੱਲੋਂ ਸਕੂਲੀ ਸਿੱਖਿਆ ਵਿੱਚ ਕੀਤੇ ਜਾ ਰਹੇ ਸੁਧਾਰ ਹੁਣ ਮੈਦਾਨੀ ਪੱਧਰ ‘ਤੇ ਸਾਫ਼ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਨਤੀਜੇ ਸੂਬੇ ਵਿੱਚ ਚੱਲ ਰਹੀ “ਸਿੱਖਿਆ ਕ੍ਰਾਂਤੀ” ਦੀ ਸਫਲਤਾ ਨੂੰ ਦਰਸਾਉਂਦੇ ਹਨ।

ਫਰੀਦਕੋਟ ਦੇ ਜੈਤੋ ਸਥਿਤ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹਰਲੀਨ ਸ਼ਰਮਾ ਨੇ 650 ਵਿੱਚੋਂ 646 ਅੰਕ ਹਾਸਲ ਕਰਕੇ ਸੂਬੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਰੂਪਨਗਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ ਦੇ ਮਣੀਮਹੇਸ਼ ਸ਼ਰਮਾ ਨੇ 645 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀ ਰੀਆ ਰਾਣੀ ਨੇ ਵੀ 645 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ।

Scroll to Top