ਪੰਜਾਬ ਦੇ ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦਾ ਹੋਇਆ ਦੇਹਾਂਤ
ਜਲੰਧਰ, 10 ਸਤੰਬਰ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਭਗਤ ਚੁੰਨੀ ਲਾਲ ਦਾ ਅੱਜ ਦੇਹਾਂਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਭਗਤ ਚੁੰਨੀ ਲਾਲ 94 ਸਾਲ ਦੇ ਸਨ । ਪਿਛਲੇ ਸੱਤ ਸਾਲਾਂ ਤੋਂ ਵੱਧ ਸਮੇਂ ਤੋਂ ਬਿਮਾਰ ਚੱਲ ਰਹੇ ਭਗਤ ਚੁੰਨੀ ਲਾਲ ਵ੍ਹੀਲਚੇਅਰ ’ਤੇ ਸਨ । ਕਈ ਵਾਰ ਹਸਪਤਾਲ ਵਿੱਚ ਦਾਖ਼ਲ ਰਹਿਣ ਤੋਂ ਬਾਅਦ ਉਨ੍ਹਾਂ ਨੇ ਤੜਕੇ ਫੋਰਟਿਸ ਹਸਪਤਾਲ ਵਿੱਚ ਅੰਤਿਮ ਸਾਹ ਲਿਆ ।
ਭਗਤ ਚੁੰਨੀ ਲਾਲ ਨੇ ਪੰਜਾਬ ਦੀ ਸਿਆਸਤ ਵਿੱਚ ਲੰਮਾ ਸਮਾਂ ਸਰਗਰਮ ਭੂਮਿਕਾ ਨਿਭਾਈ। ਉਹ 2012 ਤੋਂ 2017 ਤੱਕ ਚੱਲੀ ਅਕਾਲੀ-ਭਾਜਪਾ ਸਰਕਾਰ ਵਿੱਚ ਕਈ ਮਹੱਤਵਪੂਰਨ ਵਿਭਾਗਾਂ ਦੇ ਕੈਬਨਿਟ ਮੰਤਰੀ ਰਹੇ। ਉਨ੍ਹਾਂ ਕੋਲ ਸਥਾਨਕ ਸਰਕਾਰਾਂ, ਮੈਡੀਕਲ ਸਿੱਖਿਆ, ਜੰਗਲਾਤ, ਵਣਜੀਵ ਅਤੇ ਕਿਰਤ ਵਰਗੇ ਵਿਭਾਗਾਂ ਦੀ ਜ਼ਿੰਮੇਵਾਰੀ ਰਹੀ।
ਉਨ੍ਹਾਂ ਨੇ ਵਿਧਾਇਕ ਵਜੋਂ ਵੀ ਲੰਮਾ ਸਿਆਸੀ ਸਫ਼ਰ ਤੈਅ ਕੀਤਾ। ਭਗਤ ਚੁੰਨੀ ਲਾਲ 1997, 2007 ਅਤੇ 2012 ਵਿੱਚ ਜਲੰਧਰ ਪੱਛਮੀ ਤੋਂ ਵਿਧਾਇਕ ਚੁਣੇ ਗਏ ਸਨ। ਇਸ ਹਲਕੇ ਨੂੰ ਪਹਿਲਾਂ ਜਲੰਧਰ ਦੱਖਣੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ।