ਪੰਜਾਬੀ ਯੂਨੀਵਰਸਿਟੀ ਵਿਖੇ 'ਸਮਾਰਟ ਸ਼ਨਾਖਤੀ-ਕਮ-ਲਾਇਬ੍ਰੇਰੀ ਕਾਰਡ' ਸਕੀਮ ਦਾ ਉਦਘਾਟਨ
ਪਟਿਆਲਾ, 6 ਜੁਲਾਈ – ਪੰਜਾਬੀ ਯੂਨੀਵਰਸਿਟੀ ਨੂੰ ਡਿਜੀਟਲ ਤੌਰ ‘ਤੇ ਵਧੇਰੇ ਸਰਗਰਮ ਅਤੇ ਆਧੁਨਿਕ ਬਣਾਉਣ ਦੇ ਮਕਸਦ ਨਾਲ਼ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਅੱਜ ‘ਸਮਾਰਟ ਸ਼ਨਾਖਤੀ-ਕਮ-ਲਾਇਬ੍ਰੇਰੀ ਕਾਰਡ’ ਸਕੀਮ ਦਾ ਉਦਘਾਟਨ ਕੀਤਾ ਗਿਆ।
ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਇਸ ਨਵੀਂ ਪਹਿਲਕਦਮੀ ਦਾ ਮੁੱਖ ਉਦੇਸ਼ ਕੈਂਪਸ ਵਿੱਚ ਇੱਕ ਸੁਰੱਖਿਅਤ, ਆਧੁਨਿਕ ਅਤੇ ਸਰਲ ਸ਼ਨਾਖਤੀ ਪ੍ਰਣਾਲੀ ਲਾਗੂ ਕਰਨਾ ਹੈ, ਜਿਸ ਨਾਲ਼ ਯੂਨੀਵਰਸਿਟੀ ਦੀਆਂ ਵੱਖ-ਵੱਖ ਸੇਵਾਵਾਂ ਤੱਕ ਪਹੁੰਚ ਆਸਾਨ ਹੋ ਸਕੇਗੀ। ਉਨ੍ਹਾਂ ਕਿਹਾ ਕਿ ਇਹ ਸਮਾਰਟ ਕਾਰਡ ਯੂਨੀਵਰਸਿਟੀ ਨੂੰ ਡਿਜੀਟਲ ਗਵਰਨੈਂਸ ਵੱਲ ਲੈ ਕੇ ਜਾਣ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ ਜਿਸ ਨਾਲ਼ ਕੈਂਪਸ ਦੀਆਂ ਸੇਵਾਵਾਂ ਵਿੱਚ ਪਾਰਦਰਸ਼ਤਾ, ਸੁਰੱਖਿਆ ਅਤੇ ਕੁਸ਼ਲਤਾ ਆਵੇਗੀ ਅਤੇ ਇਸ ਦਾ ਸਿੱਧਾ ਫਾਇਦਾ ਯੂਨੀਵਰਸਿਟੀ ਨਾਲ਼ ਜੁੜੇ ਸਮੁੱਚੇ ਭਾਈਚਾਰੇ ਨੂੰ ਮਿਲੇਗਾ।
ਉਨ੍ਹਾਂ ਦੱਸਿਆ ਕਿ ਇਹ ਇੱਕੋ ਕਾਰਡ ਯੂਨੀਵਰਸਿਟੀ ਦੇ ਆਈ-ਕਾਰਡ ਅਤੇ ਲਾਇਬ੍ਰੇਰੀ ਕਾਰਡ ਦੋਵਾਂ ਦਾ ਕੰਮ ਕਰੇਗਾ, ਜਿਸ ਨਾਲ਼ ਕਾਗਜ਼ੀ ਕਾਰਵਾਈ ਘਟੇਗੀ ਅਤੇ ਕੈਂਪਸ ਨੂੰ ਵੱਡੀ ਸਹੂਲਤ ਮਿਲੇਗੀ। ਇਸ ਕਾਰਡ ਰਾਹੀਂ ਕਿਤਾਬਾਂ ਦਾ ਅਦਾਨ-ਪ੍ਰਦਾਨ ਅਤੇ ਲਾਇਬ੍ਰੇਰੀ ਮੈਂਬਰਸ਼ਿਪ ਦੀ ਤੁਰੰਤ ਜਾਂਚ ਬਿਨਾਂ ਕਿਸੇ ਦੇਰੀ ਦੇ ਹੋ ਸਕੇਗੀ। ਭਵਿੱਖ ਦੀਆਂ ਲੋੜਾਂ ਨੂੰ ਮੁੱਖ ਰਖਦਿਆਂ ਇਸੇ ਸਮਾਰਟ ਕਾਰਡ ਨੂੰ ਅਕਾਦਮਿਕ ਬਲਾਕਾਂ, ਲੈਬਾਂ, ਹੋਸਟਲਾਂ ਵਿੱਚ ਐਂਟਰੀ, ਹਾਜ਼ਰੀ ਪ੍ਰਣਾਲੀ, ਪ੍ਰੀਖਿਆ ਸੇਵਾਵਾਂ ਅਤੇ ਯੂਨੀਵਰਸਿਟੀ ਦੇ ਹੋਰ ਸਮਾਗਮਾਂ ਨਾਲ਼ ਵੀ ਪੜਾਅਵਾਰ ਜੋੜਿਆ ਜਾਵੇਗਾ।
ਯੂਨੀਵਰਸਿਟੀ ਦੇ ਵਿਦਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਸ਼ੁਰੂ ਕੀਤਾ ਇਹ ਅਹਿਮ ਪ੍ਰੋਜੈਕਟ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਦੇ ਇੰਚਾਰਜ ਡਾ. ਅਮਿਤ ਮਿੱਤਲ ਵੱਲੋਂ ਕੇਂਦਰੀ ਦਾਖ਼ਲਾ ਸੈੱਲ ਦੇ ਕੋਆਰਡੀਨੇਟਰ ਪ੍ਰੋ. ਗੁਲਸ਼ਨ ਬਾਂਸਲ ਦੇ ਸਹਿਯੋਗ ਨਾਲ਼ ਤਿਆਰ ਅਤੇ ਲਾਗੂ ਕੀਤਾ ਗਿਆ ਹੈ। ਇਸ ਦਾ ਮਕਸਦ ਲਾਇਬ੍ਰੇਰੀ ਸੇਵਾਵਾਂ ਨੂੰ ਡਿਜੀਟਲ ਤਕਨੀਕ ਨਾਲ ਜੋੜਨਾ ਅਤੇ ਯੂਨੀਵਰਸਿਟੀ ਦੇ ਡਿਜੀਟਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ।