ਪੰਜਾਬੀ ਯੂਨੀਵਰਸਿਟੀ ਵਿਖੇ ਕਾਮੇਡੀ ਨਾਟਕ ‘ਬਫ਼ਰਿੰਗ ਰਿਸ਼ਤੇ’ ਨਾਟਕ ਦੀ ਸਫਲ ਪੇਸ਼ਕਾਰੀ
ਪਟਿਆਲਾ, 5 ਨਵੰਬਰ : ਪੰਜਾਬੀ ਯੂਨੀਵਰਸਿਟੀ ਵਿਖੇ ਸੋਸ਼ਲ ਵਰਕ ਵਿਭਾਗ ਅਤੇ ਖ਼ਿਦਮਤ ਐਨ.ਜੀ.ਓ. ਦੇ ਸਹਿਯੋਗ ਨਾਲ਼ ਨਿਊ ਲੈਂਪ ਫ਼ਿਲਮ ਵੱਲੋਂ ਪੇਸ਼ ਕੀਤੇ ਗਏ ਕਾਮੇਡੀ ਨਾਟਕ ‘ਬਫ਼ਰਿੰਗ ਰਿਸ਼ਤੇ’ ਦਾ ਸਫਲ ਮੰਚਨ ਹੋਇਆ। ਨਾਟਕ ਦੀ ਲੇਖਣੀ ਅਤੇ ਨਿਰਦੇਸ਼ਨ ਦਾ ਕਾਰਜ ਨਵਦੀਪ ਕਲੇਰ ਵੱਲੋਂ ਕੀਤਾ ਗਿਆ। ਉਪ-ਕੁਲਪਤੀ ਡਾ. ਜਗਦੀਪ ਸਿੰਘ ਉਚੇਚੇ ਤੌਰ ‘ਤੇ ਨਾਟਕ ਦੀ ਪੇਸ਼ਕਾਰੀ ਵੇਖਣ ਪੁੱਜੇ।
ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਨਾਟਕ ਅਤੇ ਰੰਗਮੰਚ ਸਮਾਜ ਦਾ ਦਰਪਣ ਹੁੰਦੇ ਹਨ, ਜੋ ਮਨੁੱਖੀ ਰਿਸ਼ਤਿਆਂ ਵਿੱਚ ਆ ਰਹੀਆਂ ਗੁੰਝਲਾਂ ਅਤੇ ਤਕਨਾਲੋਜੀ ਦੇ ਪ੍ਰਭਾਵਾਂ ਨੂੰ ਬਾਖ਼ੂਬੀ ਉਜਾਗਰ ਕਰਦੇ ਹਨ। ਉਨ੍ਹਾਂ ਨਾਟਕ ਦੀ ਸਮੁੱਚੀ ਟੀਮ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਕਿ ਅਜੋਕੇ ਦੌਰ ਵਿੱਚ ਅਜਿਹੇ ਸਾਰਥਕ ਨਾਟਕ ਸਮਾਜ ਨੂੰ ਸਹੀ ਸੇਧ ਦੇਣ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਮਜ਼ਬੂਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਵੱਲੋਂ ਵੀ ਨਾਟਕ ਦੀ ਸ਼ਲਾਘਾ ਕਰਦਿਆਂ ਭਾਗ ਲੈਣ ਵਾਲੇ ਕਲਾਕਾਰਾਂ ਨੂੰ ਆਸ਼ੀਰਵਾਦ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਨਾਟਕ ਵਿੱਚ ਅੱਜ ਦੇ ਸਮਾਜ ਦੀਆਂ ਹਕੀਕਤਾਂ ਨੂੰ ਦਿਲਚਸਪ ਅਤੇ ਵਿਅੰਗਮਈ ਅੰਦਾਜ਼ ਵਿੱਚ ਦਰਸ਼ਕਾਂ ਸਾਹਮਣੇ ਰੱਖਿਆ ਗਿਆ। ਪਰਿਵਾਰਕ ਰਿਸ਼ਤਿਆਂ ਵਿੱਚ ਆ ਰਹੀਆਂ ਤਬਦੀਲੀਆਂ, ਨਵੀਂ ਅਤੇ ਪੁਰਾਣੀ ਪੀੜ੍ਹੀ ਵਿਚਲਾ ਪਾੜਾ, ਵਿਆਹ ਪ੍ਰਤੀ ਨੌਜਵਾਨਾਂ ਦੀ ਸੋਚ, ਜ਼ਿੰਮੇਵਾਰੀਆਂ, ਪੈਸੇ ਅਤੇ ਰੋਜ਼ਾਨਾ ਜ਼ਿੰਦਗੀ ਦੀਆਂ ਉਲਝਣਾਂ ਨੂੰ ਕਾਮੇਡੀ ਦੇ ਰੰਗ ਵਿੱਚ ਪੇਸ਼ ਕੀਤਾ ਗਿਆ।
ਨਾਟਕ ਵਿੱਚ ਨਵਦੀਪ ਕਲੇਰ , ਮਨਜੀਤ ਸਿੰਘ, ਸੰਜੀਵ ਰਾਏ, ਪਵਨ ਜੌਹਲ, ਕੁਲਵਿੰਦਰ ਕੌਰ, ਪ੍ਰੀਤ ਥਿੰਦ, ਅਨਮੋਲ ਸਿੰਘ, ਅਰਸ਼ਨੂਰ ਰਾਏ ਅਤੇ ਇਕੱਤਰ ਸਿੰਘ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।
ਨਾਟਕ ਦੀ ਪੇਸ਼ਕਾਰੀ ਦੌਰਾਨ ਸਵਰਨ ਬਰਨਾਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸੋਸ਼ਲ ਵਰਕ ਵਿਭਾਗ ਦੇ ਮੁਖੀ ਡਾ. ਗੁਰਨਾਮ ਸਿੰਘ ਵਿਰਕ ਅਤੇ ਮੁਹੰਮਦ ਜ਼ਹੀਰ ਲੌਰੇ ਨੇ ਇਸ ਸਫਲ ਆਯੋਜਨ ਵਿੱਚ ਅਹਿਮ ਭੂਮਿਕਾ ਨਿਭਾਈ।