ਪਟਿਆਲਾ, 16 ਜੂਨ – ਪੰਜਾਬੀ ਯੂਨੀਵਰਸਿਟੀ ਦੇ ਫ਼ੋਰੈਂਸਿਕ ਸਾਇੰਸ ਵਿਭਾਗ ਤੋਂ 14 ਵਿਦਿਆਰਥੀਆਂ ਨੇ ਫ਼ੋਰੈਂਸਿਕ ਸਾਇੰਸ ਖੇਤਰ ਦੀ ਵੱਕਾਰੀ ਪ੍ਰੀਖਿਆ ‘ਫੈਕਟ ਪਲੱਸ 2026’ ਸਫਲਤਾਪੂਰਵਕ ਪਾਸ ਕੀਤੀ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਉੱਤੇ ਉਹਨਾਂ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ ਗਈ।
ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਫਲਤਾ ਵਿਭਾਗ ਅਤੇ ਯੂਨੀਵਰਸਿਟੀ ਲਈ ਮਾਣ ਵਾਲ਼ੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਵਿਭਾਗ ਦੀ ਯੋਗ ਅਗਵਾਈ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਭਵਿੱਖ ਵਿੱਚ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ। ਉਨ੍ਹਾਂ ਉਮੀਦ ਜਤਾਈ ਕਿ ਇਹ ਵਿਦਿਆਰਥੀ ਦੇਸ਼-ਵਿਦੇਸ਼ ਵਿੱਚ ਫ਼ੋਰੈਂਸਿਕ ਸਾਇੰਸ ਦੇ ਖੇਤਰ ਵਿੱਚ ਨਵੇਂ ਮੁਕਾਮ ਹਾਸਲ ਕਰਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕਰਨਗੇ।
ਫ਼ੋਰੈਂਸਿਕ ਸਾਇੰਸ ਵਿਭਾਗ ਦੇ ਮੁਖੀ ਡਾ. ਕੋਮਲ ਸੈਣੀ ਨੇ ਦੱਸਿਆ ਕਿ ਵਿਭਾਗ ਦੇ 14 ਵਿਦਿਆਰਥੀਆਂ ਨੇ ਵੱਖ-ਵੱਖ ਮਾਹਿਰ ਵਿਸ਼ਿਆਂ ਵਿੱਚ ਇਸ ਪ੍ਰੀਖਿਆ ਨੂੰ ਪਾਸ ਕੀਤਾ ਹੈ। ਉਨ੍ਹਾਂ ਦੱਸਿਆ ਕਿ ਟੈਸਟ ਕੁਆਲੀਫਾਈ ਕਰਨ ਵਾਲੇ ਵਿਦਿਆਰਥੀਆਂ ਦੀ ਸੂਚੀ ਵਿੱਚ ਹਰਸ਼ ਅਨੀਕੇਤ, ਤਾਨੀਆ, ਨਿਸ਼ਾ ਰਾਣੀ, ਡਿੰਪਲ ਭਾਟੀਆ, ਖੁਸ਼ਪ੍ਰਿਆ, ਰੁਪਿੰਦਰ ਸਿੰਗਲਾ, ਪ੍ਰਤਿਭਾ ਰਾਣੀ, ਅਨਮੋਲ ਭਾਰਦਵਾਜ,ਕਾਜਲ, ਹਿਮਾਂਸ਼ੂ ਕੋਂਡਲ,ਸਾਹਿਲ ਭਾਨ, ਜਸਨਦੀਪ ਕੌਰ, ਗੁਰਕੀਰਤ ਸਿੰਘ ਅਤੇ ਅਮਨਦੀਪ ਸਿੰਘ ਸ਼ਾਮਿਲ ਹਨ। ਇਸ ਮੌਕੇ ਵਿਭਾਗ ਦੇ ਸਮੂਹ ਫੈਕਲਟੀ ਮੈਂਬਰਾਂ ਨੇ ਵੀ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।