ਧਰਮਪਾਲ ਉਪਾਸ਼ਕ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ: ਪੰਜਾਬੀ ਕਵੀ ਅਤੇ ਪੱਤਰਕਾਰ ਧਰਮਪਾਲ ਉਪਾਸ਼ਕ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਧਰਮਪਾਲ ਉਪਾਸ਼ਕ ਦੇ ਵਿਛੋੜੇ ਨਾਲ ਪੰਜਾਬੀ ਸਾਹਿਤ ਅਤੇ ਸਮਾਜਿਕ ਚੇਤਨਾ ਦੇ ਖੇਤਰ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਨੇ ਸ੍ਰੀ ਉਪਾਸ਼ਕ ਦੇ ਪਰਿਵਾਰਕ ਮੈਂਬਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਮੁੱਚਾ ਪੰਜਾਬੀ ਸਾਹਿਤਕ ਭਾਈਚਾਰਾ ਪਰਿਵਾਰ ਦੇ ਨਾਲ ਖੜ੍ਹਾ ਹੈ।
ਧਰਮਪਾਲ ਉਪਾਸ਼ਕ 1973 ਵਿੱਚ ਪੰਜਾਬ ਟਰੈਕਟਰ ਵਿੱਚ ਨੌਕਰੀ ਕਰਨ ਲਈ ਮੋਹਾਲੀ ਆਏ ਸਨ। ਉਹ ਪੰਜਾਬ ਟਰੈਕਟਰ ਵਰਕਰਜ਼ ਯੂਨੀਅਨ ਦੇ ਪਹਿਲੇ ਪ੍ਰਧਾਨ ਬਣੇ। ਇਸ ਤੋਂ ਇਲਾਵਾ ਉਹ ਪੰਜਾਬੀ ਸਾਹਿਤ ਸਭਾ ਅਤੇ ਪ੍ਰੈੱਸ ਕਲੱਬ, ਮੋਹਾਲੀ ਦੇ ਵੀ ਪਹਿਲੇ ਪ੍ਰਧਾਨ ਰਹੇ। ਇਸ ਤਰ੍ਹਾਂ ਉਨ੍ਹਾਂ ਨੇ ਸਾਹਿਤਕ ਅਤੇ ਸਮਾਜਿਕ ਸਰਗਰਮੀਆਂ ਦੇ ਨਾਲ-ਨਾਲ ਮਜ਼ਦੂਰ ਜਥੇਬੰਦੀ ਦੇ ਖੇਤਰ ਵਿੱਚ ਵੀ ਆਪਣੀ ਸਰਗਰਮ ਭੂਮਿਕਾ ਨਿਭਾਈ।
ਉਨ੍ਹਾਂ ਦੀ ਪਹਿਲੀ ਕਾਵਿ-ਪੁਸਤਕ ‘ਗੁੰਮਸ਼ੁਦਾ ਪੈੜ੍ਹਾਂ’ ਸੇਵਾ-ਮੁਕਤੀ ਦੇ ਤੋਹਫ਼ੇ ਵਜੋਂ ਲਗਭਗ 25 ਸਾਲ ਪਹਿਲਾਂ ਪ੍ਰਕਾਸ਼ਿਤ ਹੋਈ ਸੀ। ਉਨ੍ਹਾਂ ਦੀ ਦੂਜੀ ਕਾਵਿ-ਪੁਸਤਕ ਇਸੇ ਸਾਲ 20 ਜੁਲਾਈ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਰਿਲੀਜ਼ ਕੀਤੀ ਗਈ ਸੀ। ਉਨ੍ਹਾਂ ਨੇ ਨਾਟਕਕਾਰ ਗੁਰਸ਼ਰਨ ਸਿੰਘ ਦੇ ਬਲਰਾਜ ਸਾਹਨੀ ਪ੍ਰਕਾਸ਼ਨ ਲਈ ਵੀ ਪੁਸਤਕਾਂ ਦਾ ਸੰਪਾਦਨ ਕੀਤਾ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਅਹੁਦੇਦਾਰਾਂ ਨੇ ਕਿਹਾ ਕਿ ਧਰਮਪਾਲ ਉਪਾਸ਼ਕ ਨਕਸਲੀ ਲਹਿਰ ਨਾਲ ਜੁੜੇ ਪ੍ਰਮੁੱਖ ਸਾਹਿਤਕਾਰਾਂ ਵਿੱਚ ਸ਼ਾਮਲ ਸਨ। ਉਹ ਅਵਤਾਰ ਪਾਸ਼ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਹੁੰਦੇ ਰਹੇ ਪਰਚੇ ‘ਸਿਆੜ’ ਦੇ ਸਹਾਇਕ ਸੰਪਾਦਕ ਵੀ ਰਹੇ। ਸਾਹਿਤ ਅਤੇ ਨਾਟਕ ਦੇ ਖੇਤਰ ਵਿੱਚ ਉਨ੍ਹਾਂ ਦੀ ਸਰਗਰਮੀ ਦਾ ਪ੍ਰਭਾਵ ਉਨ੍ਹਾਂ ਦੇ ਪਰਿਵਾਰ ਅਤੇ ਨੇੜਲੇ ਸਾਹਿਤਕ ਘੇਰੇ ਵਿੱਚ ਵੀ ਦਿਖਾਈ ਦਿੰਦਾ ਹੈ। ਉਨ੍ਹਾਂ ਦੀ ਪ੍ਰੇਰਨਾ ਅਤੇ ਉਤਸ਼ਾਹ ਸਦਕਾ ਉਨ੍ਹਾਂ ਦੇ ਬੱਚੇ ਕੁਮਾਰ ਪਵਨਦੀਪ ਅਤੇ ਅਨੀਤਾ ਸ਼ਬਦੀਸ਼ ਨਾਟ-ਜਗਤ ਨਾਲ ਜੁੜੇ। ਉਨ੍ਹਾਂ ਦੇ ਛੋਟੇ ਪੁੱਤਰ ਸੰਦੀਪ ਕੁਮਾਰ ਵੀ ਕੁਝ ਸਮਾਂ ਨਾਟਕ ਦੇ ਖੇਤਰ ਨਾਲ ਜੁੜੇ ਰਹੇ।
ਉਨ੍ਹਾਂ ਦੀ ਪਤਨੀ ਸੀਤਾ ਦੇਵੀ ਵੀ ਸਮਾਜਿਕ ਕਾਰਜਾਂ ਨਾਲ ਜੁੜੇ ਰਹੇ ਅਤੇ ਮੋਹਾਲੀ ਮਿਊਂਸਪਲ ਕਮੇਟੀ ਲਈ ਚੁਣੇ ਗਏ ਸਨ। ਕੇਂਦਰੀ ਸਭਾ ਦੇ ਆਗੂਆਂ ਨੇ ਕਿਹਾ ਕਿ ਧਰਮਪਾਲ ਉਪਾਸ਼ਕ ਦੀ ਯਾਦ ਉਨ੍ਹਾਂ ਦੀ ਸਾਹਿਤਕ ਰਚਨਾ, ਸਮਾਜਿਕ ਸਰੋਕਾਰਾਂ ਅਤੇ ਲੋਕ-ਪੱਖੀ ਸਰਗਰਮੀਆਂ ਰਾਹੀਂ ਸਦਾ ਲਈ ਬਣੀ ਰਹੇਗੀ। ਉਨ੍ਹਾਂ ਦੇ ਵਿਛੋੜੇ ਨੂੰ ਪੰਜਾਬੀ ਸਾਹਿਤ ਅਤੇ ਲੋਕ-ਪੱਖੀ ਚੇਤਨਾ ਲਈ ਨਾ ਪੂਰਾ ਹੋਣ ਵਾਲਾ ਘਾ