ਪਟਿਆਲਾ 6 ਅਪ੍ਰੈਲ — ਪਟਿਆਲਾ ਵਿੱਚ ਧੀਆਂ ਦੀ ਸਿਹਤ ਸੁਰੱਖਿਆ ਵੱਲ ਇੱਕ ਇਤਿਹਾਸਕ ਅਤੇ ਦੂਰਅੰਦੇਸ਼ ਕਦਮ ਚੁੱਕਦਿਆਂ ਸਿਹਤ ਵਿਭਾਗ ਪਟਿਆਲਾ ਵੱਲੋਂ ਸਰਵਾਈਕਲ ਕੈਂਸਰ ਵਿਰੁੱਧ ਜਿਲ੍ਹਾ ਪੱਧਰੀ ਐਚ.ਪੀ.ਵੀ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਸ਼ੁਰੂਆਤੀ ਪੱਧਰ ਉੱਤੇ ਇਹ ਟੀਕਾ ਪਟਿਆਲਾ ਜਿ਼ਲ੍ਹੇ ਦੇ 13 ਸਿਹਤ ਸੰਸਥਾਵਾਂ ਉੱਤੇ ਲਾਏ ਜਾ ਰਹੇ ਹਨ।
ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆ ਜਿਲ੍ਹਾ ਟੀਕਾਕਰਨ ਅਫਸਰ ਡਾ.ਇੰਦਰਪ੍ਰੀਤ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤਮੰਦ ਅਤੇ ਸੁਰੱਖਿਅਤ ਪੰਜਾਬ ਦੇ ਨਿਰਮਾਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸਰਵਾਈਕਲ ਕੈਂਸਰ ਮਹਿਲਾਵਾਂ ਵਿੱਚ ਪਾਏ ਜਾਣ ਵਾਲੇ ਗੰਭੀਰ ਕੈਂਸਰਾਂ ਵਿੱਚੋਂ ਇੱਕ ਹੈ, ਜੋ ਬੱਚੇਦਾਨੀ ਦੇ ਹੇਠਲੇ ਹਿੱਸੇ ਵਿੱਚ ਹੁੰਦਾ ਹੈ ਅਤੇ ਇਸਦਾ ਮੁੱਖ ਕਾਰਨ ਹਿਊਮਨ ਪੈਪੀਲੋਮਾ ਵਾਇਰਸ (ਐੱਚ ਪੀ ਵੀ) ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਲਗਾਇਆ ਗਿਆ ਟੀਕਾ ਇਸ ਬਿਮਾਰੀ ਤੋਂ ਬਚਾਅ ਵਿੱਚ ਬਹੁਤ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ।
ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਦਾ ਐੱਚ ਪੀ ਵੀ ਟੀਕਾਕਰਨ ਜ਼ਰੂਰ ਕਰਵਾਉਣ ਤਾਂ ਜੋ ਭਵਿੱਖ ਵਿੱਚ ਉਹ ਇਸ ਜਾਨਲੇਵਾ ਰੋਗ ਤੋਂ ਸੁਰੱਖਿਅਤ ਰਹਿ ਸਕਣ। ਉਨ੍ਹਾਂ ਕਿਹਾ ਕਿ “ਜੇਕਰ ਸਾਡੀਆਂ ਧੀਆਂ ਸੁਰੱਖਿਅਤ ਹੋਣਗੀਆਂ ਤਾਂ ਹੀ ਆਉਣ ਵਾਲੀਆਂ ਪੀੜ੍ਹੀਆਂ ਸੁਰੱਖਿਅਤ ਹੋਣਗੀਆਂ।” ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵੈਕਸੀਨ 14 ਸਾਲ ਦੀਆਂ ਉਹਨਾਂ ਲੜਕੀਆਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਦਾ 14ਵਾਂ ਜਨਮਦਿਨ ਲੰਘ ਚੁੱਕਾ ਹੈ ਪਰ 15ਵਾਂ ਅਜੇ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦਾ ਸਟਾਫ ਆਪਣੀਆ ਬੱਚੀਆਂ ਦਾ ਮੋਹਰੀ ਹੋ ਕੇ ਟੀਕਾਕਰਨ ਕਰਵਾ ਰਿਹਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਟੀਕਾਕਰਨ ਤੋਂ ਪਹਿਲਾਂ ਯੂ-ਵਿਨ ਪੋਰਟਲ ‘ਤੇ ਰਜਿਸਟ੍ਰੇਸ਼ਨ ਲਾਜ਼ਮੀ ਹੈ, ਜਿਸ ਰਾਹੀਂ ਪੂਰੀ ਪ੍ਰਕਿਰਿਆ ਨੂੰ ਡਿਜ਼ਟਿਲ ਅਤੇ ਪਾਰਦਰਸ਼ੀ ਬਣਾਇਆ ਗਿਆ ਹੈ। ਉਹਨਾ ਦਸਿਆ ਕਿ ਸਰਕਾਰ ਦਾ ਟੀਚਾ ਪੰਜਾਬ ਨੂੰ ਭਵਿੱਖ ਵਿੱਚ ਸਰਵਾਈਕਲ ਕੈਂਸਰ ਮੁਕਤ ਰਾਜ ਬਣਾਉਣਾ ਹੈ।