ਇਰਾਨ ਮਾਮਲੇ ‘ਚ ਟਰੰਪ ਪ੍ਰਸ਼ਾਸਨ ਦਾ ਨਵਾਂ ਰੁਖ, ਜੰਗਬੰਦੀ ਨੂੰ ਦੱਸਿਆ ਜੰਗ ਦਾ ਅੰਤ

ਵਾਸ਼ਿੰਗਟਨ, 01 ਮਈ 2026 : ਅਮਰੀਕਾ ਅਤੇ ਇਰਾਨ ਵਿਚਾਲੇ ਚਲੇ ਭਾਰੀ ਸੰਘਰਸ਼ ਤੋ ਬਾਅਦ ਹੁਣ ਅਮਰੀਕਾ ਨੇ ਜੰਗਬੰਦੀ ਨੂੰ ਜੰਗ ਦਾ ਅੰਤ ਦਸਿਆ ਹੈ। ਜਦੋ ਕਿ ਦੂਸਰੇ ਪਾਸੇ ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਮੁਜਤਬਾ ਖ਼ਮੇਨੇਈ ਨੇ ਦੇਸ਼ ਦੀ ਪਰਮਾਣੂ ਅਤੇ ਮਿਜ਼ਾਈਲ ਸਮਰੱਥਾ ਦੀ ਰਾਖੀ ਕਰਨ ਦਾ ਅਹਿਦ ਲੈਂਦਿਆਂ ਅਮਰੀਕਾ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਫਾਰਸ ਦੀ ਖਾੜੀ ਵਿੱਚ ਅਮਰੀਕੀਆਂ ਦੀ ਥਾਂ ਸਿਰਫ਼ “ਪਾਣੀ ਦੀ ਗਹਿਰਾਈ” ਵਿੱਚ ਹੈ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅਮਰੀਕੀ ਜਲ ਸੈਨਾ ਦੀ ਨਾਕਾਬੰਦੀ ਕਾਰਨ ਇਰਾਨੀ ਤੇਲ ਉਦਯੋਗ ਸੰਕਟ ਵਿੱਚ ਹੈ ਅਤੇ ਇਰਾਨ ਨੇ ਵੀ ਹੋਰਮੁਜ਼ ਦੇ ਜਲਮਾਰਗ ‘ਤੇ ਆਪਣੀ ਪਕੜ ਮਜ਼ਬੂਤ ਕਰ ਰੱਖੀ ਹੈ, ਜਿਸ ਕਾਰਨ ਵਿਸ਼ਵ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 126 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈਆਂ ਹਨ।

ਉਧਰ ਦੂਸਰੇ ਪਾਸੇ ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ ਇਰਾਨ ਨਾਲ ਜੁੜੇ ਤਾਜ਼ਾ ਤਣਾਅ ‘ਤੇ ਆਪਣਾ ਸਪਸ਼ਟ ਰੁਖ ਦਿੰਦੇ ਹੋਏ ਕਿਹਾ ਹੈ ਕਿ ਅਪਰੈਲ ਦੀ ਸ਼ੁਰੂਆਤ ਵਿੱਚ ਹੋਈ ਜੰਗਬੰਦੀ ਨਾਲ ਸੰਘਰਸ਼ ਅਸਲ ਵਿੱਚ ਸਮਾਪਤ ਹੋ ਚੁੱਕਾ ਹੈ। ਇਸ ਵਿਆਖਿਆ ਰਾਹੀਂ ਵ੍ਹਾਈਟ ਹਾਊਸ ਕਾਂਗਰਸ ਦੀ ਮਨਜ਼ੂਰੀ ਦੀ ਲਾਜ਼ਮੀ ਪ੍ਰਕਿਰਿਆ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਮਤਲਬੀ ਦਲੀਲ ਉਸ ਸਮੇਂ ਹੋਰ ਮਜ਼ਬੂਤ ਹੋਈ ਜਦੋਂ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਸੈਨੇਟ ਵਿੱਚ ਗਵਾਹੀ ਦੌਰਾਨ ਕਿਹਾ ਕਿ ਜੰਗਬੰਦੀ ਨੇ ਹਕੀਕਤ ਵਿੱਚ ਲੜਾਈ ਨੂੰ ਰੋਕ ਦਿੱਤਾ ਹੈ ਅਤੇ ਇਸ ਨਾਲ ਸੈਨਿਕ ਕਾਰਵਾਈ ਦਾ ਅੰਤ ਹੋ ਗਿਆ ਹੈ। ਇਸ ਸਥਿਤੀ ਦੇ ਆਧਾਰ ‘ਤੇ ਪ੍ਰਸ਼ਾਸਨ ਨੇ 1973 ਦੇ ਉਸ ਕਾਨੂੰਨ ਅਧੀਨ ਲਾਜ਼ਮੀ ਪ੍ਰਕਿਰਿਆ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ, ਜਿਸ ਵਿੱਚ 60 ਦਿਨਾਂ ਤੋਂ ਵੱਧ ਚੱਲਣ ਵਾਲੀ ਕਿਸੇ ਵੀ ਫੌਜੀ ਕਾਰਵਾਈ ਲਈ ਕਾਂਗਰਸ ਦੀ ਮਨਜ਼ੂਰੀ ਲੈਣੀ ਪੈਂਦੀ ਹੈ।

Scroll to Top