Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Monday, 17 Aug 2026 | 3:12 am

+91 90915 01313 , +91 90916 01313

punjabbanni@gmail.com
punjabbani@yahoo.com

ਆਜ਼ਾਦੀ ਦਾ 80ਵਾਂ ਦਿਹਾੜਾ ਪੰਜਾਬ ਦੀਆਂ ਔਰਤਾਂ ਦੀ ‘ਆਰਥਿਕ ਆਜ਼ਾਦੀ’ ਦਾ ਸਾਲ ਹੋਵੇਗਾ-ਮੁੱਖ ਮੰਤਰੀ

ਆਜ਼ਾਦੀ ਦਾ 80ਵਾਂ ਦਿਹਾੜਾ ਪੰਜਾਬ ਦੀਆਂ ਔਰਤਾਂ ਦੀ ‘ਆਰਥਿਕ ਆਜ਼ਾਦੀ’ ਦਾ ਸਾਲ ਹੋਵੇਗਾ-ਮੁੱਖ ਮੰਤਰੀ

ਫ਼ਿਰੋਜ਼ਪੁਰ, 16 ਅਗਸਤ : ਫਿਰੋਜ਼ਪੁਰ ਕੈਂਟ ਬੋਰਡ ਸਟੇਡੀਅਮ ਵਿਖੇ 80ਵੇਂ ਆਜ਼ਾਦੀ ਦਿਹਾੜੇ ਦੇ ਰਾਜ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਜ਼ਾਦੀ ਦਾ 80ਵਾਂ ਦਿਹਾੜਾ ਪੰਜਾਬ ਦੀਆਂ ਔਰਤਾਂ ਲਈ ‘ਆਰਥਿਕ ਆਜ਼ਾਦੀ’ ਦਾ ਸਾਲ ਹੋਵੇਗਾ। ਪਹਿਲੀ ਵਾਰ ਮਾਵਾਂ-ਧੀਆਂ ਨੂੰ ਆਪਣੀ ਮਰਜ਼ੀ ਅਨੁਸਾਰ ਪੈਸੇ ਖਰਚਣ ਦੀ ਆਜ਼ਾਦੀ ਮਿਲ ਰਹੀ ਹੈ, ਜਿਸ ਵਿੱਚ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਰਜਿਸਟਰਡ 74.59 ਲੱਖ ਔਰਤਾਂ ਵਿੱਚੋਂ 65 ਲੱਖ ਤੋਂ ਵੱਧ ਔਰਤਾਂ ਨੂੰ ਸਨਮਾਨ ਰਾਸ਼ੀ ਮਿਲ ਚੁੱਕੀ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਹਾਨ ਰਾਸ਼ਟਰੀ ਨਾਇਕਾਂ ਦੇ ਪੂਰਨਿਆਂ ‘ਤੇ ਚੱਲਦਿਆਂ ਉਨ੍ਹਾਂ ਦੀ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਕੇ ਸਾਰਿਆਂ ਦੀ ਭਲਾਈ ਅਤੇ ਖੁਸ਼ਹਾਲ ‘ਰੰਗਲਾ ਪੰਜਾਬ’ ਬਣਾਉਣ ਲਈ ਅਣਥੱਕ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਕਤੀਕਰਨ ਦੀ ਇਹ ਭਾਵਨਾ ਪੂਰੇ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਸੰਭਾਲ ਵਿੱਚ ਸੁਧਾਰ, ਨੌਜਵਾਨਾਂ ਲਈ ਰੋਜ਼ਗਾਰ, ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ, ਨਸ਼ਿਆਂ ਵਿਰੁੱਧ ਫੈਸਲਾਕੁੰਨ ਜੰਗ ਅਤੇ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਪੰਜਾਬ ਦੀ ਪਛਾਣ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖ ਕੇ ਵਧਾਈ ਜਾ ਰਹੀ ਹੈ।

ਇਸ ਸ਼ੁੱਭ ਦਿਹਾੜੇ ਦੀਆਂ ਕੁੱਝ ਝਲਕੀਆਂ ਸਾਂਝੀਆਂ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਕਸ ‘ਤੇ ਲਿਖਿਆ: “ਅੱਜ 80ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ‘ਤੇ ਫ਼ਿਰੋਜ਼ਪੁਰ ਦੀ ਪਵਿੱਤਰ ਧਰਤੀ ਹੁਸੈਨੀਵਾਲਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਅਤੇ ਹੋਰ ਰਾਸ਼ਟਰੀ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਅਸੀਂ ਸ਼ਹੀਦਾਂ ਦੇ ਸੁਪਨਿਆਂ ਦਾ ‘ਰੰਗਲਾ ਪੰਜਾਬ’ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਾਂ। 69,093 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ, ਸੂਬੇ ਦੇ 88 ਫੀਸਦੀ ਖੇਤਾਂ ਨੂੰ ਹੁਣ ਨਹਿਰੀ ਪਾਣੀ ਮਿਲ ਰਿਹਾ ਹੈ ਅਤੇ ਸਿੱਖਿਆ ਤੇ ਸਿਹਤ ਕ੍ਰਾਂਤੀ ਦੇ ਨਾਲ-ਨਾਲ ਸੜਕ ਸੁਰੱਖਿਆ ਫੋਰਸ, ਪੰਜਾਬ ਦੇ ਵਿਕਾਸ ਅਤੇ ਸੁਰੱਖਿਆ ਨੂੰ ਮਜ਼ਬੂਤ ਕਰ ਰਹੀ ਹੈ।

ਆਓ, ਮਿਲ ਕੇ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰੀਏ। ਸਾਰਿਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ। ਇਨਕਲਾਬ ਜ਼ਿੰਦਾਬਾਦ।” ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਦੇਸ਼ ਆਪਣਾ 80ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਅਤੇ ਇਸ ਪਵਿੱਤਰ ਮੌਕੇ ‘ਤੇ ਮੈਂ ਸਾਰੇ ਦੇਸ਼ ਵਾਸੀਆਂ, ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਮੈਂ ਸ਼ਹੀਦਾਂ ਦੀ ਪਵਿੱਤਰ ਧਰਤੀ ਫ਼ਿਰੋਜ਼ਪੁਰ ਨੂੰ ਸਿਜਦਾ ਕਰਦਾ ਹਾਂ, ਜਿਸ ਦਾ ਨਾਂ ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ। ਮੈਂ ਸਾਰਾਗੜ੍ਹੀ ਦੀ ਜੰਗ ਦੇ 21 ਬਹਾਦਰ ਸਿੱਖ ਸ਼ਹੀਦਾਂ ਨੂੰ ਵੀ ਯਾਦ ਕਰਦਾ ਹਾਂ, ਜਿਨ੍ਹਾਂ ਦੀ ਯਾਦ ਵਿੱਚ ਇੱਥੇ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਸੁਸ਼ੋਭਿਤ ਹੈ।”

ਹੁਸੈਨੀਵਾਲਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਸਤਲੁਜ ਦੇ ਕੰਢੇ ‘ਤੇ ਵਸਿਆ ਹੁਸੈਨੀਵਾਲਾ ਸਾਡੇ ਕੌਮੀ ਸ਼ਹੀਦਾਂ ਦੀ ਮਹਾਨ ਵਿਰਾਸਤ ਹੈ ਅਤੇ ਇਹ ਪਵਿੱਤਰ ਧਰਤੀ ਸਾਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਜੀਵਨ ਅਤੇ ਕੁਰਬਾਨੀਆਂ ਦੀ ਯਾਦ ਦਿਵਾਉਂਦੀ ਹੈ। ਮਹਾਨ ਇਨਕਲਾਬੀ ਬੁਟਕੇਸ਼ਵਰ ਦੱਤ ਅਤੇ ਸਰਦਾਰ ਭਗਤ ਸਿੰਘ ਜੀ ਦੇ ਮਾਤਾ ਵਿਦਿਆਵਤੀ ਜੀ ਦਾ ਅੰਤਿਮ ਸੰਸਕਾਰ ਵੀ ਇੱਥੇ ਹੀ ਕੀਤਾ ਗਿਆ ਸੀ। ਹੁਸੈਨੀਵਾਲਾ ਵਿਖੇ ਸ਼ਹੀਦਾਂ ਦੀ ਯਾਦ ਵਿੱਚ 25 ਕਰੋੜ ਰੁਪਏ ਦੀ ਲਾਗਤ ਨਾਲ ‘ਵਿਰਾਸਤੀ ਕੰਪਲੈਕਸ’ ਬਣਾਇਆ ਜਾ ਰਹਾ ਹੈ। ਮੈਂ ਇਸ ਸਰਹੱਦੀ ਜ਼ਿਲ੍ਹੇ ਦੇ ਬਹਾਦਰ ਲੋਕਾਂ ਨੂੰ ਸਲਾਮ ਕਰਦਾ ਹਾਂ ਜੋ ਸਰਹੱਦ ਪਾਰ ਤੋਂ ਦੁਸ਼ਮਣਾਂ ਦੇ ਮਨਸੂਬਿਆਂ, ਕੁਦਰਤੀ ਆਫ਼ਤਾਂ ਅਤੇ ਹੋਰ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਦੇ ਹਨ।”

ਪੰਜਾਬ ਦੇ ਸਰਹੱਦੀ ਲੋਕਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ, “ਸਰਹੱਦ ‘ਤੇ ਰਹਿਣ ਵਾਲੇ ਲੋਕਾਂ ਵੱਲੋਂ ਦੇਸ਼ ਅਤੇ ਪੰਜਾਬ ਲਈ ਦਿੱਤੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਅੱਜ ਜਦੋਂ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ, ਮੈਂ ਦੇਸ਼ ਭਗਤਾਂ ਅਤੇ ਯੋਧਿਆਂ ਦੇ ਵਿਸ਼ਾਲ ਯੋਗਦਾਨ ਨੂੰ ਵੀ ਯਾਦ ਕਰਦਾ ਹਾਂ। ਦੇਸ਼ ਨੂੰ ਆਜ਼ਾਦੀ ਪ੍ਰਾਪਤ ਕਰਨ ਲਈ ਲੰਮਾ ਅਤੇ ਔਖਾ ਸੰਘਰਸ਼ ਕਰਨਾ ਪਿਆ ਅਤੇ 1947 ਵਿੱਚ ਦੇਸ਼ ਦੀ ਵੰਡ ਦੀ ਸਭ ਤੋਂ ਵੱਡੀ ਕੀਮਤ ਪੰਜਾਬ ਨੇ ਤਾਰੀ।”

ਵੰਡ ਦੇ ਦਰਦ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਲੱਖਾਂ ਪਰਿਵਾਰਾਂ ਨੂੰ ਆਪਣੇ ਘਰ-ਬਾਰ ਛੱਡਣ ਲਈ ਮਜਬੂਰ ਹੋਣਾ ਪਿਆ। ਅੱਜ ਵੀ ਹਰ ਪੰਜਾਬੀ ਸਰਹੱਦ ਪਾਰ ਰਹਿ ਗਏ ਸਾਡੇ ਪਵਿੱਤਰ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰ ਲਈ ਅਰਦਾਸ ਕਰਦਾ ਹੈ। ਮਨੁੱਖੀ ਇਤਿਹਾਸ ਵਿੱਚ ਅਜਿਹਾ ਵੱਡਾ ਉਜਾੜਾ ਸ਼ਾਇਦ ਹੀ ਕਦੇ ਦੇਖਣ ਨੂੰ ਮਿਲਿਆ ਹੋਵੇ। ਸ਼ਬਦਾਂ ਵਿੱਚ ਇਹ ਇੱਕ ਦੇਸ਼ ਦੀ ਵੰਡ ਹੋ ਸਕਦੀ ਹੈ, ਪਰ ਅਸਲ ਵਿੱਚ ਇਹ ਪਰਿਵਾਰਾਂ, ਰਿਸ਼ਤਿਆਂ ਅਤੇ ਜਜ਼ਬਾਤਾਂ ਦੀ ਸਾਂਝ ਦੀ ਵੰਡ ਸੀ। ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਤਰਾਸਦੀ ਦੇ ਦਰਦ ਨੂੰ ਮਹਿਸੂਸ ਕਰਦੀਆਂ ਰਹਿਣਗੀਆਂ, ਫਿਰ ਵੀ ਸਾਨੂੰ ਇਸ ਗੱਲ ‘ਤੇ ਬਹੁਤ ਫਖ਼ਰ ਹੈ ਕਿ ਦੇਸ਼ ਭਗਤੀ ਦਾ ਜਜ਼ਬਾ ਪੰਜਾਬੀਆਂ ਦੇ ਦਿਲਾਂ ਵਿੱਚ ਵਸਿਆ ਹੋਇਆ ਹੈ।”

ਆਜ਼ਾਦੀ ਸੰਘਰਸ਼ ਵਿੱਚ ਪੰਜਾਬ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਪੰਜਾਬੀਆਂ ਨੂੰ ਜ਼ੁਲਮ ਅਤੇ ਜਬਰ ਵਿਰੁੱਧ ਡਟਣ ਦੀ ਪ੍ਰੇਰਨਾ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਗੁੜ੍ਹਤੀ ਵਿੱਚ ਮਿਲੀ ਹੈ। ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਵਿੱਚ ਪੰਜਾਬੀ ਯੋਧੇ ਹਮੇਸ਼ਾ ਮੋਹਰੀ ਰਹੇ ਹਨ। ਕੂਕਾ ਲਹਿਰ, ਪਗੜੀ ਸੰਭਾਲ ਜੱਟਾ ਲਹਿਰ, ਗਦਰ ਲਹਿਰ ਅਤੇ ਬੱਬਰ ਅਕਾਲੀ ਲਹਿਰ ਤੋਂ ਲੈ ਕੇ ਅਨੇਕਾਂ ਹੋਰ ਅੰਦੋਲਨਾਂ ਤੱਕ ਪੰਜਾਬੀਆਂ ਨੇ ਸਭ ਤੋਂ ਵੱਧ ਯੋਗਦਾਨ ਪਾਇਆ। ਜਲ੍ਹਿਆਂਵਾਲਾ ਬਾਗ ਦੇ ਸਾਕਾ ਦੌਰਾਨ ਪੰਜਾਬੀਆਂ ਦੀਆਂ ਕੁਰਬਾਨੀਆਂ ਨੇ ਦੇਸ਼ ਨੂੰ ਬ੍ਰਿਟਿਸ਼ ਹਕੂਮਤ ਵਿਰੁੱਧ ਇੱਕਜੁੱਟ ਕੀਤਾ। ਆਜ਼ਾਦੀ ਦੀ ਲੜਾਈ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ, ਬਾਬਾ ਰਾਮ ਸਿੰਘ ਅਤੇ ਮਦਨ ਲਾਲ ਢੀਂਗਰਾ ਸਮੇਤ ਹਜ਼ਾਰਾਂ ਪੰਜਾਬੀਆਂ ਨੇ ਮਹਾਨ ਕੁਰਬਾਨੀਆਂ ਦਿੱਤੀਆਂ।”

Scroll to Top