ਅੰਮ੍ਰਿਤਸਰ ਵਿੱਚ ਦੋ ਉੂਜ਼ੀ ਬੰਦੂਕਾਂ ਸਮੇਤ 8 ਹਥਿਆਰ, 34 ਕਿੱਲੋ ਹੈਰੋਇਨ, ਦੋ ਹੈਂਡ ਗ੍ਰਨੇਡ ਬਰਾਮਦ; 16 ਵਿਅਕਤੀ ਕਾਬੂ
ਚੰਡੀਗੜ੍ਹ/ਅੰਮ੍ਰਿਤਸਰ, 6 ਨਵੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਾਜਾਇਜ਼ ਹਥਿਆਰ, ਵਿਸਫੋਟਕ ਅਤੇ ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲੇ ਕਈ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਗੋਲੀਬਾਰੀ ਦੀਆਂ ਤਿੰਨ ਘਟਨਾਵਾਂ ਨੂੰ ਵੀ ਸੁਲਝਾਉਂਦਿਆਂ ਪੁਲਿਸ ਨੇ 16 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਨ੍ਹਾਂ ਕਾਰਵਾਈਆਂ ਦੌਰਾਨ ਮੁਲਜ਼ਮਾਂ ਕੋਲੋਂ 34 ਕਿਲੋ ਹੈਰੋਇਨ, ਦੋ ਹੈਂਡ ਗ੍ਰਨੇਡ ਅਤੇ ਅੱਠ ਹਥਿਆਰ ਜਿਨ੍ਹਾਂ ਵਿੱਚ ਦੋ ਅਤਿ-ਆਧੁਨਿਕ 9 ਐਮਐਮ ‘ਉਜ਼ੀ’ ਸਬ-ਮਸ਼ੀਨ ਗੰਨਾਂ ਸ਼ਾਮਲ ਹਨ, ਬਰਾਮਦ ਕੀਤੇ ਹਨ। ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਦਿੱਤੀ ।
’ਊਜ਼ੀ’ ਗੰਨਾਂ ਤੋਂ ਇਲਾਵਾ ਪੁਲਿਸ ਟੀਮਾਂ ਨੇ ਮੁਲਜ਼ਮਾਂ ਕੋਲੋਂ ਇੱਕ 12-ਬੋਰ ਬੰਦੂਕ, ਪੰਜ ਨਾਜਾਇਜ਼ ਪਿਸਤੌਲਾਂ ਸਮੇਤ 26 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਨਸ਼ੀਲੇ ਪਦਾਰਥ ਅਤੇ ਹਥਿਆਰ ਤਸਕਰੀ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਵਸੁਮਿਤ ਸਿੰਘ ਉਰਫ਼ ਮਨਪ੍ਰੀਤ ਸਿੰਘ ਅਤੇ ਬਲਵਿੰਦਰ ਸਿੰਘ ਉਰਫ਼ ਦੋਹਾਨੀ; ਕਰਨਦੀਪ ਸਿੰਘ ਉਰਫ਼ ਕਰਨ ਅਤੇ ਰਾਜ ਕੁਮਾਰ ਉਰਫ਼ ਸੰਜੂ; ਗੁਰਬਖਸ਼ ਸਿੰਘ ਅਤੇ ਬਿਕਰਮਜੀਤ ਸਿੰਘ; ਸੂਰਜ ਸਿੰਘ, ਰਾਜਨ ਅਤੇ ਗੁਰਭੇਜ ਸਿੰਘ ਉਰਫ਼ ਵੀਰੂ ਅਤੇ ਸੁਖਮਨਪ੍ਰੀਤ ਸਿੰਘ ਵਜੋਂ ਹੋਈ ਹੈ। ਦੂਜੇ ਪਾਸੇ, ਗੋਲੀਬਾਰੀ ਦੀਆਂ ਤਿੰਨ ਘਟਨਾਵਾਂ ਦੇ ਸਬੰਧ ਵਿੱਚ ਫੜੇ ਗਏ ਵਿਅਕਤੀਆਂ ਵਿੱਚ ਹਰਕੀਰਤ ਸਿੰਘ ਉਰਫ਼ ਹੈਕੀ ਅਤੇ ਗੁਰਦਿੱਤਾ ਸਿੰਘ (ਝੀਤਾ ਕਲਾਂ ਕਤਲ ਕੇਸ); ਜੋਧਬੀਰ ਸਿੰਘ ਉਰਫ਼ ਜੋਧਾ, ਉਸਦੀ ਪਤਨੀ ਜਸਕਿਰਨ ਕੌਰ ਅਤੇ ਉਨ੍ਹਾਂ ਦਾ ਨਾਬਾਲਗ ਪੁੱਤਰ (ਬਿਆਸ ਗੋਲੀਬਾਰੀ ਕੇਸ) ਅਤੇ ਸਾਹਿਬਪ੍ਰੀਤ ਸਿੰਘ ਉਰਫ਼ ਸਾਹਬ (ਮਹਿਤਾ ਰੈਸਟੋਰੈਂਟ ’ਚ ਫਿਰੌਤੀ ਲਈ ਗੋਲੀਬਾਰੀ ਮਾਮਲਾ) ਸ਼ਾਮਲ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਕਥਿਤ ਤੌਰ ’ਤੇ ਵਿਦੇਸ਼ੀ ਹੈਂਡਲਰਾਂ ਦੀ ਮਦਦ ਨਾਲ ਹਥਿਆਰਾਂ ਦੀ ਖੇਪਾਂ ਪ੍ਰਾਪਤ ਕਰਕੇ ਅੱਗੇ ਸਪਲਾਈ ਕਰਦੇ ਸਨ। ਉਨ੍ਹਾਂ ਕਿਹਾ ਕਿ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਅਗਲੇਰੇ-ਪਿਛਲੇਰੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਕਾਰਵਾਈ ਸਬੰਧੀ ਵੇਰਵੇ ਸਾਂਝੇ ਕਰਦਿਆਂ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਬਾਰਡਰ ਰੇਂਜ, ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਦੇ ਵੱਖ-ਵੱਖ ਥਾਣਿਆਂ ਅਧੀਨ ਖੁਫੀਆ ਇਤਲਾਹ ’ਤੇ ਲਗਾਤਾਰ ਚਲਾਈਆਂ ਗਈਆਂ ਮੁਹਿੰਮਾਂ ਰਾਹੀਂ ਇਹਨਾਂ ਕਾਰਵਾਈਆਂ ਨੂੰ ਸਫ਼ਲਤਾਪੂਰਵਕ ਅੰਜਾਮ ਦਿੱਤਾ ਗਿਆ ਹੈ।
ਆਈ.ਜੀ.ਪੀ. ਨੇ ਦੱਸਿਆ ਕਿ ਨਸ਼ਾ ਤਸਕਰੀ ਵਿਰੁੱਧ ਚਾਰ ਵੱਡੀਆਂ ਕਾਰਵਾਈਆਂ ਦੌਰਾਨ, ਥਾਣਾ ਘਰਿੰਡਾ ਦੀਆਂ ਟੀਮਾਂ ਨੇ ਨਵਸੁਮਿਤ ਅਤੇ ਬਲਵਿੰਦਰ ਕੋਲੋਂ 10 ਕਿਲੋ ਹੈਰੋਇਨ; ਕਰਨਦੀਪ ਅਤੇ ਰਾਜ ਕੁਮਾਰ ਕੋਲੋਂ 1 ਕਿਲੋ ਹੈਰੋਇਨ ਅਤੇ ਗੁਰਬਖਸ਼ ਤੇ ਬਿਕਰਮਜੀਤ ਕੋਲੋਂ 10.018 ਕਿਲੋ ਹੈਰੋਇਨ ਬਰਾਮਦ ਕੀਤੀ। ਇਸੇ ਤਰ੍ਹਾਂ ਬਾਰਡਰ ਸਕਿਓਰਿਟੀ ਫੋਰਸ (ਬੀਐਸਐਫ) ਨਾਲ ਸਾਂਝੀ ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ ਲੋਪੋਕੇ ਇਲਾਕੇ ’ ਪੈਂਦੇ ਪੁਲ ਸੱਕੀ ਨਾਲਾ ਵਿਖੇ ਸੁਖਮਨਪ੍ਰੀਤ ਸਿੰਘ ਨੂੰ ਕਾਬੂ ਕੀਤਾ, ਜੋ ਇੱਕ ਬੋਰੀ ਵਿੱਚ 13 ਕਿਲੋ ਹੈਰੋਇਨ, ਇੱਕ ਪਿਸਤੌਲ ਅਤੇ ਦੋ ਮੈਗਜ਼ੀਨ ਲੈ ਕੇ ਜਾ ਰਿਹਾ ਸੀ।
ਹਥਿਆਰਾਂ ਅਤੇ ਵਿਸਫੋਟਕਾਂ ਦੀ ਬਰਾਮਦਗੀ ਬਾਰੇ ਉਨ੍ਹਾਂ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਪੁਖ਼ਤਾ ਇਤਲਾਹ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਘਰਿੰਡਾ ਦੀਆਂ ਟੀਮਾਂ ਨੇ ਸੂਰਜ ਸਿੰਘ, ਰਾਜਨ ਅਤੇ ਗੁਰਭੇਜ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਦੋ ’ਯੂਜ਼ੀ’ ਗੰਨਜ਼ ਅਤੇ ਦੋ ਜ਼ਿੰਦਾ ਹੈਂਡ ਗ੍ਰਨੇਡ ਬਰਾਮਦ ਕੀਤੇ।
ਗੋਲੀਬਾਰੀ ਦੀਆਂ ਘਟਨਾਵਾਂ ਨੂੰ ਸੁਲਝਾਉਣ ਬਾਰੇ ਜਾਣਕਾਰੀ ਦਿੰਦਿਆਂ, ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਅੰਮ੍ਰਿਤਸਰ ਦਿਹਾਤੀ, ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਥਾਣਾ ਚਾਟੀਵਿੰਡ ਦੀਆਂ ਟੀਮਾਂ ਨੇ ਹਰਕੀਰਤ ਸਿੰਘ ਅਤੇ ਗੁਰਦਿਤਾ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਨੇ 26 ਅਕਤੂਬਰ ਨੂੰ ਪਿੰਡ ਝੀਤਾ ਕਲਾਂ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਤੀਰਥ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਅਤੇ ਰਣਜੀਤ ਸਿੰਘ ਨੂੰ ਜ਼ਖਮੀ ਕਰ ਦਿੱਤਾ ਸੀ। ਪੁਲਿਸ ਨੇ ਉਕਤ ਮੁਲਜ਼ਮਾਂ ਕੋਲੋਂ .30 ਬੋਰ ਦਾ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ।
ਬਿਆਸ ਵਿਖੇ ਵਾਪਰੀ ਦੂਜੀ ਘਟਨਾ ਵਿੱਚ, ਪੁਲਿਸ ਨੇ ਜੋਧਬੀਰ ਸਿੰਘ ਉਰਫ਼ ਜੋਧਾ, ਉਸਦੀ ਪਤਨੀ ਅਤੇ ਨਾਬਾਲਗ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੇ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਦੋ ਵਿਅਕਤੀਆਂ ’ਤੇ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ। ਜੋਧਬੀਰ, ਜਿਸਨੇ ਪੁਲਿਸ ਟੀਮ ਨਾਲ ਹੱਥੋਪਾਈ ਕੀਤੀ ਅਤੇ ਇੱਕ ਏ.ਐਸ.ਆਈ. ਦਾ ਸਰਕਾਰੀ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਸੀ, ਦੀ ਲੱਤ ਵਿੱਚ ਗੋਲੀ ਲੱਗੀ ਸੀ। ਪੁਲਿਸ ਨੇ ਉਸ ਕੋਲੋਂ ਤਿੰਨ ਗੈਰ-ਕਾਨੂੰਨੀ ’ਗਲੋਕ’ ਪਿਸਤੌਲ, ਇੱਕ 12-ਬੋਰ ਦੀ ਬੰਦੂਕ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਤੀਜੀ ਘਟਨਾ ਬਾਰੇ ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਨੇ ਮਹਿਤਾ ਸਥਿਤ ਇੱਕ ਰੈਸਟੋਰੈਂਟ ਵਿੱਚ ਫਿਰੌਤੀ ਲਈ ਗੋਲੀਬਾਰੀ ਕਰਨ ਦੇ ਮਾਮਲੇ ਨੂੰ ਵੀ ਸੁਲਝਾ ਲਿਆ ਹੈ। ਇਹ ਘਟਨਾ ਇੱਕ ਵਿਦੇਸ਼ੀ ਗੈਂਗਸਟਰ ਦੇ ਇਸ਼ਾਰੇ ’ਤੇ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਨੂੰ ਲੈ ਕੇ ਅੰਜਾਮ ਦਿੱਤੀ ਗਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਸਾਹਿਬਪ੍ਰੀਤ ਸਿੰਘ ਉਰਫ਼ ਸਾਹਬ ਨੂੰ ਗ੍ਰਿਫ਼ਤਾਰ ਕੀਤਾ ਅਤੇ ਇੱਕ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ।