ਸੱਤ ਦਿਨਾਂ ਕੌਮੀ ਨਾਟਕ ਮੇਲੇ ਦੀ “ਹਿੰਦ ਦੀ ਚਾਦਰ” ਨਾਟਕ ਦੇ ਨਾਲ ਹੋਈ ਸ਼ੁਰੂਆਤ

ਪਟਿਆਲਾ, 25 ਨਵੰਬਰ— ਉੱਤਰੀ ਭਾਰਤ ਦੀ ਪ੍ਰਸਿੱਧ  ਨਾਟਕ ਸੰਸਥਾ ਕਲਾਕ੍ਰਿਤੀ ਪਟਿਆਲਾ ਵੱਲੋਂ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ (ਸੱਭਿਆਚਾਰਕ ਮੰਤਰਾਲਾ,ਭਾਰਤ ਸਰਕਾਰ) ਸਰਬਤ ਦਾ ਭਲਾ ਚੈਰੀਟੇਬਲ ਟਰਸਟ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਸਵਰਗੀ ਸ. ਪ੍ਰੀਤਮ ਸਿੰਘ ਉਬਰਾਏ ਦੀ ਯਾਦ ਵਿੱਚ ਹੋਣ ਵਾਲਾ ਸਲਾਨਾ ਕੌਮੀ ਨਾਟਕ ਮੇਲਾ ਅੱਜ ਕਾਲੀਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ ਪਟਿਆਲਾ ਵਿਖੇ ਸ਼ਾਨਦਾਰ ਪੇਸ਼ਕਾਰੀ “ਹਿੰਦ ਦੀ ਚਾਦਰ” ਨਾਟਕ ਨਾਲ ਸ਼ੁਰੂ ਹੋਇਆ ਜਿਸ ਦਾ ਉਦਘਾਟਨ ਸਤਿਕਾਰਤ ਜਸਟਿਸ  ਐਮ ਐਮ ਐਸ ਬੇਦੀ,

ਡਾਕਟਰ ਐਸ ਪੀ ਸਿੰਘ ਉਬਰਾਏ ਮੈਨੇਜਿੰਗ ਟਰਸਟੀ ਐਸ ਡੀ ਬੀ ਸੀ ਟੀ, ਡਾਕਟਰ ਸਰਬਜਿੰਦਰ ਸਿੰਘ ਵਾਈਸ ਚਾਂਸਲਰ, ਸਤਨਾਮ ਸਿੰਘ ਰੰਧਾਵਾ ਅਤੇ ਨਰਾਇਣ ਗਰੁੱਪ ਆਫ ਸਕੂਲ ਦੇ ਪ੍ਰਧਾਨ ਅਵਤਾਰ ਸਿੰਘ ਅਰੋੜਾ ਨੇ ਮਿਲ ਕੇ ਕੀਤਾ ਅਤੇ ਕਲਾ ਕ੍ਰਿਤੀ ਦੇ ਇਸ ਮਹਾਨ ਯੱਗ ਦੇ ਯਤਨਾਂ ਦੀ ਸ਼ਾਨਦਾਰ ਸ਼ਲਾਘਾ ਕਰਦੇ ਹੋਏ ਕਲਾਕ੍ਰਿਤੀ ਦੀ ਨਿਰਦੇਸ਼ਕ ਪ੍ਰਮਿੰਦਰ  ਪਾਲ ਕੌਰ ਅਤੇ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਦਿੱਤੀ ਅਤੇ ਨਾਟਕ ਦੀ ਭਰਪੂਰ ਪ੍ਰਸੰਸਾ ਕੀਤੀ।

ਇੰਪੈਕਟ ਆਰਟਸ ਮੋਹਾਲੀ ਵੱਲੋਂ ਪੇਸ਼ ਕੀਤੇ ਨਾਟਕ “ਹਿੰਦ  ਦੀ ਚਾਦਰ” ਦਾ ਸਫ਼ਲਤਾ ਨਾਲ ਮੰਚਨ  ਕੀਤਾ ਗਿਆ ।ਇਹ ਨਾਟਕ ਰਵਿੰਦਰ ਸਿੰਘ ਸੋਢੀ ਦੁਆਰਾ ਲਿਖਿਤ ਅਤੇ ਇਸ ਦਾ ਨਿਰਦੇਸ਼ਨ ਮੰਨੇ ਪਰਮੰਨੇ ਰੰਗ ਕਰਮੀ ਅਤੇ ਫਿਲਮੀ ਅਦਾਕਾਰ ਬਨੀਂਦਰਜੀਤ ਸਿੰਘ ਬਨੀ ਨੇ ਕੀਤਾ। ਇਹ ਨਾਟਕ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਅਧਾਰਤ ਹੈ। ਜਿਸ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਪ੍ਰਕਾਰ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਖਾਤਰ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ।

ਕਸ਼ਮੀਰੀ ਪੰਡਤਾਂ ਨੇ ਜਦੋਂ ਔਰੰਗਜ਼ੇਬ ਦੇ ਜੁਲਮਾਂ ਅਤੇ ਧਰਮ ਬਦਲਣ ਲਈ ਦਬਾਅ ਬਣਾਉਣ ਤੇ ਗੁਰੂ ਤੇਗ ਬਹਾਦਰ ਜੀ ਕੋਲ ਜਾ ਕੇ ਆਪਣੀ ਬੇਨਤੀ ਕਰਦੇ ਹੋਏ ਗੁਹਾਰ ਲਗਾਈ ਤਾਂ ਗੁਰੂ ਤੇਗ ਬਹਾਦਰ ਜੀ ਤਨ ਮਨ ਧਨ ਨਾਲ ਉਹਨਾਂ ਦੇ ਨਾਲ ਆਖਰ ਤੱਕ ਖੜੇ ਰਹੇ ਅਤੇ ਔਰੰਗਜ਼ੇਬ ਦਾ ਡੱਟ ਕੇ ਸਾਹਮਣਾ ਕੀਤਾ। ਨਾਟਕ ਵਿੱਚ ਪੁਸ਼ਪਿੰਦਰ ਬੱਗਾ, ਰਜਤ ਸਚਦੇਵਾ, ਜਸ਼ਨਦੀਪ ਸਿੰਘ, ਜਤਿੰਦਰ ਸਚਦੇਵਾ, ਅੰਮ੍ਰਿਤ ਪਾਲ ਸਿੰਘ, ਨੇਹਾ ਧੀਮਾਨ,ਚਰਨਜੀਤ ਸਿੰਘ, ਦੀਕਸ਼ਿਤ ਬੰਸਲ, ਸੌਰਵ, ਕੰਵਲ ਮਲਹੋਤਰਾ,ਰਿੰਕੂ ਜੈਨ  ਹਰਸਿਮਰਨਜੀਤ ਸਿੰਘ ਅੰਗਦ ਵੀਰ ਸਿੰਘ ਅਤੇ ਰਣਵੀਰ ਸਿੰਘ ਨੇ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਜਿੱਤਿਆ।

ਪ੍ਰੋਡਕਸ਼ਨ ਡਿਜਾਇਨ ਜਸ਼ਨਦੀਪ ਸਿੰਘ ਅਤੇ ਚਰਨਜੀਤ ਸਿੰਘ ਦਾ ਰਿਹਾ ਜਦੋਂ ਕਿ ਬੈਕ ਸਟੇਜ ਉੱਤੇ ਪਰਨੀਤ ਕੌਰ ਅਤੇ ਰਵੀ ਤੇਜ ਸਿੰਘ ਬਰਾੜ  ਸਨ। ਵੇਸ਼ਭੂਸ਼ਾ ਲਈ ਰੁਪਿੰਦਰ ਕੌਰ, ਸਂਗੀਤ ਲਈ ਗੁਰਪ੍ਰੀਤ ਸਿੰਘ, ਮੇਕਅਪ ਲਈ ਕਮਲਦੀਪ ਕੌਰ ਅਤੇ ਹਰਵਿੰਦਰ ਸਿੰਘ ਹੈਰੀ ਅਤੇ ਨਾਟਕ ਦੇ ਸਹਾਇਕ ਨਿਰਦੇਸਨ ਲਈ ਰਜਤ ਸਚਦੇਵਾ ਦਾ ਵਡਮੁੱਲਾ ਯੋਗਦਾਨ ਰਿਹਾ।ਕੁੱਲ ਮਿਲਾ ਕੇ ਪਟਿਆਲਾ ਦੇ ਦਰਸ਼ਕਾਂ  ਦੀ ਪੂਰੀ ਸਮੂਲੀਅਤ ਨੇ ਨਾਟਕ ਮੇਲੇ ਨੂੰ ਕਾਮਯਾਬ ਬਣਾਉਣ ਲਈ ਭਰਵਾਂ ਹੁੰਗਾਰਾ ਭਰਿਆ। ਨਾਟਕ ਮੇਲੇ ਵਿੱਚ 26 ਨਵੰਬਰ ਨੂੰ “ਅਜੀਬ ਦਾਸਤਾ” ਹਿੰਦੀ ਨਾਟਕ ਦਾ ਮੰਚਨ ਕੀਤਾ ਜਾਵੇਗਾ।

Scroll to Top