ਸੂਫ਼ੀ ਸ਼ਾਇਰੀ ਧਾਰਮਿਕ ਕੱਟੜਤਾ ਨੂੰ ਵੰਗਾਰਦੀ ਹੋਈ ਇਨਸਾਨੀਅਤ ਬਾਰੇ ਬੁਲੰਦ ਕਰਦੀ ਹੈ ਆਵਾਜ਼: ਉਪ-ਕੁਲਪਤੀ

ਪਟਿਆਲਾ, 20 ਜਨਵਰੀ – ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਸਾਹਿਤ ਅਕਾਦੇਮੀ, ਦਿੱਲੀ ਦੇ ਸਹਿਯੋਗ ਨਾਲ ‘ਸੂਫ਼ੀਵਾਦ ਅਤੇ ਅਣਵੰਡਿਆ ਪੰਜਾਬ’ ਵਿਸ਼ੇ ’ਤੇ ਇੱਕ ਰੋਜ਼ਾ ਵਿਚਾਰ—ਗੋਸ਼ਟੀ ਕਰਵਾਈ ਗਈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਸੂਫ਼ੀ ਸ਼ਾਇਰੀ ਧਾਰਮਿਕ ਕੱਟੜਤਾ ਨੂੰ ਵੰਗਾਰਦੀ ਹੋਈ ਇਨਸਾਨੀਅਤ ਬਾਰੇ ਆਵਾਜ਼ ਬੁਲੰਦ ਕਰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇਹੀ ਖ਼ੂਬਸੂਰਤੀ ਹੈ। ਉਨ੍ਹਾਂ ਕਿਹਾ ਕਿ ਸੂਫ਼ੀਵਾਦ ਨੇ ਹਰ ਵਰਤਾਰੇ ਦੀ ਸ਼ੁੱਧਤਾ ਬਾਰੇ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਉਹ ਖ਼ੁਦ ਵਿਗਿਆਨ ਦੇ ਵਿਸ਼ੇ ਦੇ ਵਿਦਿਆਰਥੀ ਹਨ ਪਰ ਸੂਫ਼ੀਵਾਦ ਬਾਰੇ  ਵਿਸ਼ੇਸ਼ ਦਿਲਚਸਪੀ ਹੈ।
 ਸਮਾਗਮ ਬਾਰੇ ਬੋਲਦਿਆਂ ਡਾ. ਰਵੇਲ ਸਿੰਘ, ਕਨਵੀਨਰ, ਪੰਜਾਬੀ ਸਲਾਹਕਾਰ ਬੋਰਡ, ਸਾਹਿਤ ਅਕਾਦੇਮੀ ਨੇ ਕਿਹਾ ਕਿ ਸੂਫ਼ੀਵਾਦ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ। ਅੱਜ ਦੀ ਪੀੜ੍ਹੀ ਸੂਫ਼ੀਵਾਦ ਦੇ ਸਿਧਾਂਤਾਂ ਅਤੇ ਸਿੱਖਿਆਵਾਂ ਤੋਂ ਮੁਨਕਰ ਹੁੰਦੀ ਜਾ ਰਹੀ ਹੈ। ਸੂਫ਼ੀਵਾਦ ਕਾਲਕੀ ਸਥਿਤੀਆਂ ਤੋਂ ਪਾਰ ਦੀ ਗੱਲ ਕਰਦਾ ਹੈ। ਉਹਨਾਂ ਨੇ ਭਗਤ ਕਬੀਰ, ਜੈਦੇਵ, ਨਾਮਦੇਵ ਅਤੇ ਬਾਬਾ ਫ਼ਰੀਦ ਦੀਆਂ ਰਚਨਾਵਾਂ ਦੇ ਹਵਾਲੇ ਨਾਲ ਆਪਣੀ ਗੱਲ ਕੀਤੀ।
ਗੋਸ਼ਟੀ ਦਾ ਆਰੰਭ ਕਰਦਿਆਂ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਗੁਰਸੇਵਕ ਲੰਬੀ ਨੇ ਕਿਹਾ ਕਿ ਸੂਫ਼ੀਵਾਦ ਇੱਕ ਅਜਿਹਾ ਵਰਤਾਰਾ ਹੈ ਜਿਸ ਨੇ ਪੰਜਾਬੀ ਸਾਹਿਤ, ਪੰਜਾਬੀ ਰਹਿਤਲ ਅਤੇ ਪੰਜਾਬੀ ਅਕਾਦਮਿਕਤਾ ਨੂੰ ਨਵੀਂ ਦਿਸ਼ਾ ਦਿੱਤੀ ਹੈ। ਪੰਜਾਬ ਭਾਵੇਂ ਅਨੇਕ ਵਾਰ ਤਕਸੀਮ ਹੋਇਆ ਪਰ ਲੋਕ ਸਾਹਿਤ ਅਤੇ ਵਿਸ਼ਿਸਟ ਸਾਹਿਤ ਜ਼ਰੀਏ ਇਹ ਹਮੇਸ਼ਾ ਇੱਕ ਦੂਸਰੇ ਨਾਲ ਜੁੜਿਆ ਰਿਹਾ ਹੈ। ਪੰਜਾਬ ਦੀਆਂ ਭੂਗੋਲਿਕ ਵੰਡਾਂ ਤਾਂ ਹੋਈਆਂ ਪਰ ਰੂਹਾਨੀ ਵੰਡ ਕਦੇ ਨਹੀਂ ਹੋਈ।
ਡਾ. ਸੰਦੀਪ ਕੌਰ, ਸਹਾਇਕ ਸੰਪਾਦਕ, ਸਾਹਿਤ ਅਕਾਦੇਮੀ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ ਨੂੰ’ ਕਿਹਾ ਤੇ ਦੱਸਿਆ ਕਿ ਸਾਹਿਤ ਅਕਾਦੇਮੀ ਚੌਵੀ ਭਾਸ਼ਾਵਾਂ ਵਿੱਚ ਭਾਰਤ ਭਰ ਵਿੱਚ ਕਾਰਜ ਕਰਦੀ ਹੈ। ਪੰਜਾਬੀ ਦੇ ਹਵਾਲੇ ਨਾਲ ਪੰਜਾਬੀ ਯੂਨੀਵਰਸਿਟੀ ਵਿੱਚ ਇਹ ਵਿਚਾਰ—ਗੋਸ਼ਟੀ ਕਰਨਾ ਆਪਣੇ ਆਪ ਵਿੱਚ ਅਹਿਮ ਗੱਲ ਹੈ।
ਡਾ. ਭੁਪਿੰਦਰ ਅਜ਼ੀਜ਼ ਪਰਿਹਾਰ ਨੇ ਅੰਗਰੇਜ਼ੀ ਭਾਸ਼ਾ ਦੇ ਹਵਾਲੇ ਨਾਲ ਸੂਫ਼ੀਵਾਦ ਅਤੇ ਧਰਮ ਦੇ ਵਖਰੇਵੇਂ ਅਤੇ ਰਿਸ਼ਤੇ ਬਾਰੇ ਗੱਲਾਂ ਕੀਤੀਆਂ। ਸੂਫ਼ੀਵਾਦ ਦੇ ਮੁੱਖ ਸਿਧਾਂਤ— ਹਕੀਕਤ, ਮਾਰਫ਼ਤ, ਸ਼ਰੀਅਤ ਅਤੇ ਫ਼ਨਾਹ ਦੇ ਹਵਾਲੇ ਨਾਲ ਪੰਜਾਬ ਵਿੱਚ ਇੱਕ ਨਵੀਂ ਵਿਚਾਰਧਾਰਾ ਪੈਦਾ ਹੋਈ ਹੈ। ਡਾ. ਸਤੀਸ਼ ਕੁਮਾਰ ਵਰਮਾ ਨੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਸਮੁੱਚੀ ਪੰਜਾਬੀਅਤ ਸੂਫ਼ੀਵਾਦ ਦੇ ਪ੍ਰਭਾਵ ਅਧੀਨ ਰਹੀ ਹੈ। ਸੂਫ਼ੀ ਸੰਤਾਂ ਦੀਆਂ ਰਚਨਾਵਾਂ ਨਿੱਤ ਵਿਹਾਰ ਦੇ ਕੰਮਾਂ ਵਿੱਚੋਂ ਨਿਕਲੀਆਂ ਹੋਈਆਂ ਹਨ। ਇਹਨਾਂ ਦਾ ਲੋਕਧਾਰਾਈ ਅਤੇ ਸੱਭਿਆਚਾਰਕ ਮਹੱਤਵ ਹੈ। ਪੰਜਾਬ ਕਈ ਵਾਰ ਤਕਸੀਮ ਹੋ ਕੇ ਵੀ ਆਪਸ ਵਿੱਚ ਜੁੜਿਆ ਰਿਹਾ ਹੈ।
ਡਾ. ਰਾਜਵੰਤ ਕੌਰ ਪੰਜਾਬੀ, ਮੁਖੀ, ਪੰਜਾਬੀ ਵਿਭਾਗ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ। ਵਿਚਾਰ—ਗੋਸ਼ਟੀ ਦੇ ਅਗਲੇ ਪੜ੍ਹਾਅ ਵਿੱਚ ਡਾ. ਰੁਬੀਨਾ ਸ਼ਬਨਮ, ਡਾ. ਰਹਿਮਾਨ ਅਖ਼ਤਰ, ਸ੍ਰੀ ਰਾਜੀਵ ਸਾਹਿਰ, ਡਾ. ਜਗਮੋਹਨ ਨੇ ਵੱਖ—ਵੱਖ ਵਿਸ਼ਿਆਂ ’ਤੇ ਪਰਚੇ ਪੜ੍ਹੇ।
ਸ੍ਰੀ ਰਾਜੀਵ ਸਾਹਿਰ ਜੋ ਲਖਨਊ ਤੋਂ ਆਏ ਸਨ, ਨੇ ਆਪਣੇ ਪਰਚੇ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਹੋਰ ਬਹੁਤ ਸਾਰਿਆਂ ਵਰਤਾਰਿਆਂ ਦੇ ਬਰਾਬਰ ‘ਸੂਫ਼ੀਵਾਦ’ ਪੰਜਾਬ ਦੀ ਵੱਡੀ ਦੇਣ ਹੈ। ਇਸ ਨੇ ਭਾਰਤੀ ਸਾਹਿਤ ਨੂੰ ਪ੍ਰਭਾਵਿਤ ਕੀਤਾ ਹੈ।
ਦੂਜੇ ਸੈਸ਼ਨ ਦੀ ਪ੍ਰਧਾਨਗੀ ਡਾ. ਵਾਹਿਦ ਨਜ਼ੀਰ, ਸਹਾਇਕ ਪ੍ਰੋਫ਼ੈਸਰ, ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਨਵੀਂ ਦਿੱਲੀ ਨੇ ਕੀਤੀ। ਉਹਨਾਂ ਨੇ ‘ਪ੍ਰਧਾਨਗੀ ਭਾਸ਼ਣ’ ਵਿੱਚ ‘ਤਵਸੁੱਫ਼’ ’ਤੇ ਜ਼ੋਰ ਦੇ ਕੇ ਸੂਫ਼ੀਵਾਦ ਦੀਆਂ ਖ਼ੂਬੀਆਂ ਦੀ ਗੱਲ ਕੀਤੀ ਤੇ ਕਿਹਾ ਕਿ ਸੂਫ਼ੀਵਾਦ ਬੇਹਤਰ ਇਨਸਾਨ ਬਣਾਉਣ ਵਿੱਚ ਮਦਦ ਕਰਦਾ ਹੈ। ਦੂਜੇ ਸੈਸ਼ਨ ਦਾ ਸੰਚਾਲਨ ਡਾ. ਰਾਜਵਿੰਦਰ ਸਿੰਘ, ਪੰਜਾਬੀ ਵਿਭਾਗ ਨੇ ਕੀਤਾ। ਅੰਤ ਵਿੱਚ ਡਾ. ਗੁਰਸੇਵਕ ਲੰਬੀ ਨੇ ‘ਧੰਨਵਾਦੀ ਸ਼ਬਦ’ ਸਾਂਝੇ ਕੀਤੇ। ਇਸ ਮੌਕੇ ਪ੍ਰੋਫ਼ੈਸਰ ਕਿਰਪਾਲ ਕਜ਼ਾਕ, ਡਾ. ਬਲਵਿੰਦਰ ਕੌਰ ਸਿੱਧੂ, ਡੀਨ, ਭਾਸ਼ਾਵਾਂ, ਡਾ. ਪਰਮੀਤ ਕੌਰ, ਡਾ. ਗੁਰਪ੍ਰੀਤ ਕੌਰ, ਡਾ. ਪੁਸ਼ਪਿੰਦਰ ਜੋਸ਼ੀ, ਡਾ. ਧਰਮਜੀਤ ਸਿੰਘ, ਮੁਖੀ, ਅੰਗਰੇਜ਼ੀ ਵਿਭਾਗ, ਡਾ. ਨਵਜੋਤ ਕੌਰ, ਡਾ. ਮੋਨਿਕਾ ਸਭਰਵਾਲ, ਡਾ. ਦਰਸ਼ਨ ਸਿੰਘ ਆਸ਼ਟ, ਡਾ. ਜਯੋਤੀ ਪੁਰੀ, ਡਾ. ਪਰਮਿੰਦਰਜੀਤ ਕੌਰ ਆਦਿ ਹਾਜ਼ਰ ਸਨ।
Scroll to Top