ਸੁਖਬੀਰ ਬਾਦਲ ਦੇ ਅਸਤੀਫ਼ੇ ਬਿਨਾਂ ਕੋਈ ਸਮਝੌਤਾ ਨਹੀਂ ਹੋ ਸਕਦਾ : ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ, 6 ਫਰਵਰੀ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਪੱਤਰਕਾਰਾਂ ਨਾਲ ਪੈ੍ਸ ਕਾਨਫਰੰਸ ਕਰਦਿਆਂ ਸਾਫ਼ ਕੀਤਾ ਹੈ ਕਿ 2 ਦਸੰਬਰ 2024 ਨੂੰ ਜਾਰੀ ਹੋਏ ਹੁਕਮਨਾਮੇ ਦੇ ਮੱਦੇਨਜ਼ਰ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਤੋਂ ਬਿਨਾਂ ਉਨ੍ਹਾਂ ਦੀ ਪ੍ਰਧਾਨਗੀ ਹੇਠ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਸੰਭਵ ਨਹੀਂ ਹੈ।

ਕਾਨਫਰੰਸ ਦੌਰਾਨ ਉਨ੍ਹਾਂ ਦੋ ਟੁਕ ਕਿਹਾ ਕਿ ਸਿਧਾਂਤਾਂ ਨਾਲ ਸਮਝੌਤਾ ਕਰਕੇ ਕੋਈ ਇਕੱਠ ਸੰਭਵ ਨਹੀਂ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲਾਂ ਦੇ ਸਮਝੌਤੇ ਹਮੇਸ਼ਾ ਫ਼ਲਸਫ਼ੇ ਅਤੇ ਸਿਧਾਂਤਾਂ ਦੇ ਆਧਾਰ ’ਤੇ ਹੁੰਦੇ ਹਨ, ਨਾ ਕਿ ਕਿਸੇ ਵਿਅਕਤੀ ਦੇ ਨਿੱਜੀ ਵਿਚਾਰਾਂ ਜਾਂ ਸੌਦੇਬਾਜ਼ੀ ਦੇ ਆਧਾਰ ’ਤੇ। ਇਸ ਲਈ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਤੋ ਬਿਨਾ ਕੋਈ ਸਮਝੌਤਾ ਸੰਭਵ ਨਹੀ ਹੈ।

ਇਸ ਦੌਰਾਨ ਉਨ੍ਹਾਂ ਨੇ ਗੁਰਦੁਆਰਾ ਅੰਬ ਸਾਹਿਬ ਨਾਲ ਜੁੜੇ ਇੱਕ ਗੰਭੀਰ ਮਾਮਲੇ ’ਚ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉੱਥੋਂ ਦੇ ਮੈਨੇਜਰ ਰਾਜਿੰਦਰ ਸਿੰਘ ਨੇ ਪਿੰਡ ਸੈਣੀਮਾਜਰਾ ਦੀ ਕੀਮਤੀ 44 ਮਰਲੇ ਜ਼ਮੀਨ ਸ਼੍ਰੋਮਣੀ ਕਮੇਟੀ ਦੇ ਕੁਝ ਉੱਚ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਕੋਡੀਆਂ ਦੇ ਭਾਅ ਵੇਚ ਦਿੱਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਨੇ ਲਿਖਤੀ ਹੁਕਮ ਜਾਰੀ ਕਰਕੇ ਮੈਨੇਜਰ ਨੂੰ ਇਹ ਅਧਿਕਾਰ ਦਿੱਤੇ, ਉਨ੍ਹਾਂ ਖ਼ਿਲਾਫ਼ ਵੀ ਫੌਜਦਾਰੀ ਕੇਸ ਦਰਜ ਹੋਣਾ ਚਾਹੀਦਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੋਈ ਵੀ ਛੋਟਾ ਮੁਲਾਜ਼ਮ ਬਿਨਾਂ ਉੱਚ ਅਧਿਕਾਰੀਆਂ ਦੀ ਸ਼ਹਿ ਤੋਂ ਇੰਨੀ ਕੀਮਤੀ ਜ਼ਮੀਨ ਵੇਚਣ ਦੀ ਹਿੰਮਤ ਨਹੀਂ ਕਰ ਸਕਦਾ। ਉਨ੍ਹਾਂ ਦੋਸ਼ ਲਗਾਇਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਸਾਰੀ ਜ਼ਿੰਮੇਵਾਰੀ ਸਿਰਫ਼ ਮੈਨੇਜਰ ’ਤੇ ਸੁੱਟ ਕੇ ਉਸਨੂੰ ਸਸਪੈਂਡ ਕਰ ਦੇਣਾ ਅਸਲ ਦੋਸ਼ੀਆਂ ਨੂੰ ਬਚਾਉਣ ਬਰਾਬਰ ਹੈ।

Scroll to Top