ਪਟਿਆਲਾ 12 ਸਤੰਬਰ – ਸਿਵਲ ਸਰਜਨ ਡਾ.ਜਗਪਾਲਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਮਨਾਏ ਜਾ ਰਹੇ ਹਰੇਕ ਸ਼ੁਕਰਵਾਰ ਡਰਾਈ-ਡੇ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਗੱਲੀ / ਮੁਹਲਿਆਂ ਵਿਚ ਘਰ ਘਰ ਜਾ ਕੇ ਪਾਣੀ ਦੇ ਖੜੇ ਸਰੋਤਾ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਨਰਸਿੰਗ ਵਿਦਿਆਰਥਨਾਂ ਅਤੇ ਆਸ਼ਾ ਵਰਕਰਾ ਵੱਲੋਂ ਵੀ ਭਾਗ ਲਿਆ ਗਿਆ।
ਸਿਵਲ ਸਰਜਨ ਡਾ.ਜਗਪਾਲਇੰਦਰ ਸਿੰਘ ਨੇ ਆਖਿਆ ਕਿ ਪਟਿਆਲਾ ਦੇ ਸਾਰੇ ਹਸਪਤਾਲਾਂ ਵਿੱਚ ਲੋੜੀਂਦੀਆਂ ਹਰੇਕ ਤਰ੍ਹਾਂ ਦੀਆਂ ਦਵਾਈਆਂ ਮੌਜੂਦ ਹਨ ਤੇ ਸਾਰੇ ਇਲਾਕਿਆਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਚੌਕਸੀ ਨਾਲ ਕੰਮ ਕਰ ਰਹੀਆਂ ਹਨ।
ਉਨ੍ਹਾਂ ਇਹ ਵੀ ਆਖਿਆ ਕਿ ਜਿਨ੍ਹਾਂ ਪੇਂਡੂ ਇਲਾਕਿਆਂ ਵਿੱਚ ਪਾਣੀ ਆਇਆ ਹੈ ਉੱਥੇ ਵੀ ਮੈਡੀਕਲ ਕੈਂਪ ਲਗਾਤਾਰ ਦਿਨ ਰਾਤ ਲਾਏ ਜਾ ਰਹੇ ਹਨ ਤੇ ਐਂਬੂਲੈਂਸਾਂ ਦੀ ਸੇਵਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ।ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਪਾਣੀ ਦੀ ਨਿਕਾਸੀ ਦੀ ਕੋਸ਼ਿਸ਼ ਕੀਤੀ ਜਾਵੇ ਨਹੀਂ ਤਾਂ ਖੜ੍ਹੇ ਪਾਣੀ ਵਿੱਚ ਕਾਲਾ ਤੇਲ ਪਾ ਦਿੱਤਾ ਜਾਵੇ।
ਉਨ੍ਹਾਂ ਦੱਸਿਆ ਕਿ ਹੁਣ ਮੀਂਹ ਘਟਣ ਤੋਂ ਬਾਅਦ ਮੱਛਰਾਂ ਦੀ ਪੈਦਾਵਾਰ ਜ਼ਿਆਦਾ ਹੋ ਸਕਦੀ ਹੈ ਇਸ ਲਈ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੇ ਕੇਸਾਂ ਦੇ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ ਸ਼ੱਕੀ ਮਰੀਜ਼ਾਂ ਦੇ ਦਾਖਲੇ ਤੇ ਇਲਾਜ ਸਬੰਧੀ ਪ੍ਰਬੰਧ ਕਰਦੇ ਹੋਏ ਵੱਖਰੇ ਡੇਂਗੂ ਵਾਰਡ ਤਿਆਰ ਕਰ ਲਏ ਗਏ ਹਨ। ਉਨ੍ਹਾਂ ਆਖਿਆ ਕਿ ਇਸ ਮੌਸਮ ਵਿੱਚ ਸਾਰਿਆਂ ਨੂੰ ਚੋਕਸੀ ਵਰਤਦਿਆਂ ਹੋਇਆਂ ਪੂਰੀ ਬਾਹਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ ਤੇ ਖੁਦ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ।
ਸਿਵਲ ਸਰਜਨ ਨੇ ਅੱਗੇ ਕਿਹਾ ਕਿ ਭਾਵੇਂ ਸਿਹਤ ਵਿਭਾਗ ਦੀਆਂ ਟੀਮਾਂ ਪੂਰੀ ਸਰਗਰਮੀ ਨਾਲ ਪਿੰਡਾਂ ਤੇ ਸ਼ਹਿਰਾਂ ਵਿੱਚ ਕੰਮ ਕਰ ਰਹੀਆਂ ਹਨ ਪਰ ਫਿਰ ਵੀ ਜੇ ਕਿਸੇ ਨੂੰ ਤੇਜ਼ ਬੁਖਾਰ, ਸਿਰਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਮਹਿਸੂਸ ਹੁੰਦਾ ਹੈ ਤੇ ਸਾਰੇ ਸ਼ਰੀਰ ਵਿੱਚ ਦਰਦ ਹੁੰਦਾ ਹੈ ਤਾਂ ਬਿਨਾ ਦੇਰ ਕੀਤਿਆਂ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਡੇਂਗੂ ਸਬੰਧੀ ਜਾਂਚ ਕਰਵਾਈ ਜਾਵੇ।
ਜਿਲ੍ਹਾ ਐਪੀਡੇਮੌਲੋਜਿਸਟ ਡਾ.ਸੁਮੀਤ ਸਿੰਘ ਨੇ ਆਖਿਆ ਕਿ ਇਸ ਵਾਰੀ ਸਮੁੱਚੇ ਪਟਿਆਲਾ ਜਿਲ੍ਹੇ ਵਿੱਚ ਹੁਣ ਤੱਕ 108 ਡੇਂਗੂ ਦੇ ਕੇਸ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਹਫਤੇ ਜਿਲ੍ਹੇ ਭਰ ਦੇ 50054 ਘਰਾਂ ਵਿਚ ਪਹੰਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ ਅਤੇ 662 ਥਾਂਵਾ ਤੇ ਮਿਲੇ ਲਾਰਵੇ ਨੂੰ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਕਮੇਟੀਆਂ ਅਤੇ ਨਗਰ ਨਿਗਮ ਵੱਲੋਂ 63 ਵਿਅਕਤੀਆਂ ਦੇ ਚਲਾਨ ਵੀ ਕੱਟੇ ਜਾ ਚੁੱਕੇ ਹਨ।ਹੁਣ ਤੱਕ ਸਿਹਤ ਟੀਮਾਂ ਵੱਲੋਂ ਡਰਾਈ ਡੇਅ ਮੁਹਿੰਮ ਤਹਿਤ 765942 ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ 6219 ਥਾਂਵਾ ਤੇ ਮਿਲੇ ਲਾਰਵਾ ਮਿਲਿਆ ਜਿਸ ਨੂੰ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਹੈ ਅਤੇ ਸਬੰਧਤ ਪਰਿਵਾਰਾਂ ਨੂੰ ਅਗਾਂਹ ਲਈ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ।