ਸਰਹਿੰਦ ਨੇੜੇ ਮੁੱਖ ਰੇਲ ਲਾਈਨ ’ਤੇ ਧਮਾਕੇ ਦੀ ਸਾਜ਼ਿਸ਼, ਮਾਲਗੱਡੀ ਲੀਹੋਂ ਉਤਰੀ

ਸਰਹਿੰਦ, 24 ਜਨਵਰੀ : ਕੁਝ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਸ਼ੁੱਕਰਵਾਰ ਰਾਤ ਕਰੀਬ 9.50 ਵਜੇ ਸਰਹਿੰਦ ਰੇਲਵੇ ਸਟੇਸ਼ਨ ਦੇ ਨੇੜੇ ਦਿੱਲੀ–ਅੰਮ੍ਰਿਤਸਰ ਮੁੱਖ ਰੇਲਵੇ ਟਰੈਕ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਸ਼ੁਰੂਆਤੀ ਜਾਂਚ ਦੌਰਾਨ ਵਿਸਫੋਟਕ ਪਦਾਰਥ ਵਰਤੇ ਜਾਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਹਾਲਾਂਕਿ ਅਧਿਕਾਰਤ ਤੌਰ ’ਤੇ ਇਸ ਦੀ ਪੁਸ਼ਟੀ ਹਜੇ ਨਹੀਂ ਹੋਈ।

ਦਸ ਦਈਏ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਅਤੇ ਸੁਰੱਖਿਆ ਏਜੰਸੀਆਂ ਹਰਕਤ ਵਿੱਚ ਆ ਗਈਆਂ। ਨੁਕਸਾਨੀ ਗਈ ਪੱਟੜੀ ਦੀ ਮੁਰੰਮਤ ਉਪਰੰਤ ਰੇਲ ਆਵਾਜਾਈ ਨੂੰ ਮੁੜ ਬਹਾਲ ਕਰ ਦਿੱਤਾ ਗਿਆ। ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉੱਧਰ ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤ ਕਰੀਬ 1 ਵਜੇ ਉਨ੍ਹਾਂ ਨੇ ਇਲਾਕੇ ਵਿੱਚ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਸੀ।

ਪਿੰਡ ਕਾਨਪੁਰ ਨੇੜੇ ਹੋਇਆ ਧਮਾਕਾ

ਜਾਣਕਾਰੀ ਮੁਤਾਬਕ ਪਿੰਡ ਕਾਨਪੁਰ ਦੇ ਨੇੜੇ ਰੇਲਵੇ ਪੋਲ ਨੰਬਰ 1208 ਕੋਲ ਮੁੱਖ ਲਾਈਨ ’ਤੇ ਧਮਾਕਾ ਹੋਇਆ, ਜਿਸ ਕਾਰਨ ਲਗਭਗ 600 ਮੀਟਰ ਰੇਲ ਪੱਟੜੀ ਬੁਰੀ ਤਰ੍ਹਾਂ ਨੁਕਸਾਨੀ ਗਈ। ਖੁਸ਼ਕਿਸਮਤੀ ਨਾਲ ਉਸ ਸਮੇਂ ਕੋਈ ਯਾਤਰੀ ਟ੍ਰੇਨ ਨਹੀਂ ਲੰਘੀ, ਪਰ ਇਕ ਮਾਲਗੱਡੀ ਦਾ ਇੰਜਣ ਲੀਹੋਂ ਲੱਥ ਗਿਆ। ਇਸ ਹਾਦਸੇ ਦੌਰਾਨ ਮਾਲਗੱਡੀ ਦਾ ਡਰਾਈਵਰ ਜ਼ਖ਼ਮੀ ਹੋ ਗਿਆ, ਜਿਸਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਇਸ ਮਾਮਲੇ ਨੂੰ ਲੈ ਕੇ ਜਾਂਚ ਏਜੰਸੀਆਂ ਵਲੋ ਪੂਰੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਦਾਅਵਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

 

Scroll to Top