ਰਾਏਕੋਟ, 19 ਮਾਰਚ : ਸਪੇਨ ਵਿਚ ਇਕ ਪੰਜਾਬੀ ਨੌਜਵਾਨ ਦੀ ਸੱਕੀ ਹਾਲਾਤਾਂ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਪਰਿਵਾਰ ਅੰਦਰ ਭਾਰੀ ਦੁੱਖ ਅਤੇ ਚਿੰਤਾ ਦਾ ਮਾਹੌਲ ਹੈ। ਪਰਿਵਾਰ ਨੇ ਇਸ ਸਬੰਧੀ ਸਰਕਾਰ ਕੋਲੋ ਇਨਸਾਫ ਦੀ ਗੁਹਾਰ ਵੀ ਲਗਾਈ ਹੈ।
ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਰਾਏਕੋਟ ਨਾਲ ਸੰਬੰਧਿਤ ਮ੍ਰਿਤਕ ਦੀ ਪਛਾਣ ਅਰਸ਼ਦੀਪ ਸਿੰਘ (32) ਵਜੋਂ ਹੋਈ ਹੈ, ਜੋ ਚੰਗੇ ਭਵਿੱਖ ਦੀ ਖਾਤਰ ਕਰੀਬ 8-9 ਸਾਲ ਪਹਿਲਾਂ ਸਪੇਨ ਗਿਆ ਸੀ। ਪਰਿਵਾਰਕ ਮੈਂਬਰਾਂ ਮੁਤਾਬਕ, ਉਹ ਪਿਛਲੇ ਪੰਜ ਸਾਲਾਂ ਤੋਂ ਇੱਕ ਫੈਕਟਰੀ ਵਿੱਚ ਨੌਕਰੀ ਕਰ ਰਿਹਾ ਸੀ। ਅਚਾਨਕ ਕੱਲ੍ਹ ਦੁਪਹਿਰ ਉਨ੍ਹਾਂ ਨੂੰ ਰਿਸ਼ਤੇਦਾਰਾਂ ਰਾਹੀਂ ਉਸਦੀ ਮੌਤ ਦੀ ਖ਼ਬਰ ਮਿਲੀ।
ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ, ਜੋ ਪਿੰਡ ਭੈਣੀ ਬੜਿੰਗਾ ਨਾਲ ਸਬੰਧਤ ਹਨ, ਨੇ ਕਿਹਾ ਕਿ ਉਨ੍ਹਾਂ ਦੇ ਇਕਲੌਤੇ ਪੁੱਤਰ ਦੀ ਮੌਤ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਦੇ ਮੁਤਾਬਕ, ਅਰਸ਼ਦੀਪ ਨੂੰ ਆਪਣੇ ਕੰਮ ਬਾਰੇ ਪੂਰੀ ਜਾਣਕਾਰੀ ਸੀ, ਇਸ ਲਈ ਅਚਾਨਕ ਹੋਈ ਮੌਤ ਸ਼ੱਕ ਪੈਦਾ ਕਰਦੀ ਹੈ। ਦੁੱਖੀ ਪਰਿਵਾਰ ਨੇ ਗਹਿਰਾਈ ਨਾਲ ਜਾਂਚ ਕਰਕੇ ਇਨਸਾਫ ਦੇਣ ਦੀ ਮੰਗ ਕੀਤੀ ਹੈ।