ਚੰਡੀਗੜ, 14 ਦਸੰਬਰ : ਅੱਜ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਵਿੱਚ ਇਕ ਰੋਡਵੇਜ ਦੀ ਬੱਸ ਅਤੇ ਬੱਸ ਵਿਚ ਭਿਆਨਕ ਟੱਕਰ ਹੋਣ ਕਾਰਨ ਇਕ ਵਿਦਿਆਰਣ ਦੀ ਮੌਤ ਤੇ ਕਈ ਵਿਦਿਆਰਥੀਆਂ ਦੇ ਜਖਮੀ ਹੋਣ ਦਾ ਸਮਾਚਾਰ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਪਿੰਡ ਭਾਗਵੀ ਕੋਲ ਹਰਿਆਣਾ ਰੋਡਵੇਜ਼ ਦੀ ਬੱਸ ਅਤੇ ਇਕ ਨਿੱਜੀ ਸਕੂਲ ਬੱਸ ਵਿਚਾਲੇ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋਣ ਕਾਰਨ ਹੋਇਆ। ਟੱਕਰ ਇੰਨੀ ਤੇਜ਼ ਸੀ ਕਿ ਨਿੱਜੀ ਸਕੂਲ ਬੱਸ ਦੇ ਅੱਗਲੇ ਹਿੱਸੇ ਦੇ ਪਰਖੱਚੇ ਉੱਡ ਗਏ ਅਤੇ ਸੜਕ ’ਤੇ ਹਫੜਾ-ਦਫੜੀ ਮਚ ਗਈ ।
ਸਥਾਨਕ ਲੋਕਾਂ ਨੇਦਸਿਆ ਕਿ ਇਸ ਦਰਦਨਾਕ ਹਾਦਸੇ ਵਿੱਚ ਇਕ ਵਿਦਿਆਰਥਣ ਇਸ਼ੀਕਾ (ਵਿਜੈ ਕੁਮਾਰ ਦੀ ਪੁੱਤਰੀ) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋ ਕਿ ਹੋਰ ਕਈ ਵਿਦਿਆਰਥੀ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਤਿੰਨ ਅਧਿਆਪਕ, ਦੋਵੇਂ ਬੱਸਾਂ ਦੇ ਡਰਾਈਵਰ ਅਤੇ ਕੰਡਕਟਰ ਸਣੇ ਦੋ ਹੋਰ ਸਵਾਰੀਆਂ ਵੀ ਜ਼ਖਮੀ ਹੋਈਆਂ ਹਨ । ਹਾਦਸੇ ਦੀ ਖਬਰ ਮਿਲਦਿਆਂ ਹੀ ਬਚਾਅ ਟੀਮਾਂ ਨੇ ਬਚਾਅ ਕਾਰਜ ਆਰੰਭ ਕਰ ਦਿਤੇ ਸਨ।