ਪਟਿਆਲਾ, 13 ਮਾਰਚ – ਸ਼ਾਹੀ ਸ਼ਹਿਰ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਸ਼ਹਿਰ ਦੀ ਇੱਕ ਗੰਭੀਰ ਸਮੱਸਿਆ ਦਾ ਨਿਪਟਾਰਾ ਕਰਦਿਆਂ ਇੱਕ ਵਾਰ ਫਿਰ ‘ਤੁਰੰਤ ਐਕਸ਼ਨ’ ਦੀ ਮਿਸਾਲ ਪੇਸ਼ ਕੀਤੀ ਹੈ। ਸ਼ਹਿਰ ਦੇ ਇਤਿਹਾਸਕ ਅਤੇ ਪ੍ਰਾਚੀਨ ਕਾਲੀ ਦੇਵੀ ਮੰਦਰ ਦੇ ਬਾਹਰ ਪਿਛਲੇ ਕਾਫੀ ਸਮੇਂ ਤੋਂ ਸੀਵਰੇਜ ਬਲਾਕੇਜ ਕਾਰਨ ਸਥਿਤੀ ਬੇਹੱਦ ਖ਼ਰਾਬ ਸੀ, ਜਿਸ ਨੂੰ ਮੇਅਰ ਨੇ ਨਿੱਜੀ ਦਿਲਚਸਪੀ ਲੈ ਕੇ ਹੱਲ ਕਰਵਾ ਦਿੱਤਾ ਹੈ। ਇਸ ਮੌਕੇ ਮੇਅਰ ਨਾਲ ਨਿਗਮ ਟੀਮ ਤੋਂ ਐਸ ਡੀ ਓ ਮਨੀਸ਼ ,ਜੇ ਈ ਕਾਰਤਿਕ, ਸੁਪਰਵਾਈਜ਼ਰ ਸਾਹਿਲ ਮਿੱਤਲ, ਵਿਜੇ ਕੁਮਾਰ, ਸੱਜਣ ਕੁਮਾਰ ਵੀ ਮੌਜੂਦ ਸਨ.
ਜਾਣਕਾਰੀ ਅਨੁਸਾਰ ਮੰਦਰ ਦੇ ਬਾਹਰ ਓਵਰ ਬ੍ਰਿਜ ਬਣਨ ਦੇ ਕੰਮ ਦੌਰਾਨ ਸੀਵਰੇਜ ਦੀ ਮੁੱਖ ਲਾਈਨ ਬੁਰੀ ਤਰ੍ਹਾਂ ਬਲਾਕ ਹੋ ਗਈ ਸੀ। ਇਸ ਕਾਰਨ ਗੰਦਾ ਪਾਣੀ ਸੜਕਾਂ ‘ਤੇ ਜਮ੍ਹਾਂ ਹੋ ਰਿਹਾ ਸੀ, ਜਿਸ ਨਾਲ ਮੰਦਰ ਆਉਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਅਤੇ ਸਥਾਨਕ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਦੇ ਨਾਲ ਹੀ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਹਰ ਕੰਮ ਨੂੰ ਨਿਗਮ ਵਲੋਂ ਟੈਂਡਰ ਪ੍ਰੀਕਿਰਿਆ ਰਹੀ ਕੀਤਾ ਜਾਂਦਾ ਹੈ ਪਰ ਇਸ ਕੰਮ ਨੂੰ ਮੇਅਰ ਵਲੋਂ ਨਿਜੀ ਅਤੇ ਪਹਿਲ ਦੇ ਆਧਾਰ ਤੇ ਕਰਵਾਉਣ ਲਈ ਨਿਗਮ ਟੀਮ ਨੂੰ ਤਰੁੰਤ ਕੰਮ ਕਰਨ ਦੇ ਹੁਕਮ ਜਾਰੀ ਕੀਤੇ ਗਏ.
ਇਸ ਸਬੰਧੀ ਮੇਅਰ ਕੁੰਦਨ ਗੋਗੀਆ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਮੱਸਿਆ ਦੇ ਪੱਕੇ ਹੱਲ ਲਈ ਪੀ.ਐਸ.ਪੀ.ਸੀ.ਐਲ. ਦਫ਼ਤਰ ਤੋਂ ਲੈ ਕੇ ਓਮੈਕਸ ਮਾਲ ਤੱਕ ਲਗਭਗ 350 ਫੁੱਟ ਲੰਬੀ ਨਵੀਂ ਸੀਵਰੇਜ ਪਾਈਪ ਲਾਈਨ ਪਾਉਣ ਦੀ ਕਾਰਵਾਈ ਮੁਕੰਮਲ ਕਰਵਾਈ ਹੈ। ਇਸ ਨਵੀਂ ਲਾਈਨ ਦੇ ਪੈਣ ਨਾਲ ਹੁਣ ਇਲਾਕੇ ਵਿੱਚ ਸੀਵਰੇਜ ਦੇ ਓਵਰਫਲੋਅ ਅਤੇ ਬਲਾਕੇਜ ਦੀ ਸਮੱਸਿਆ ਜੜ੍ਹ ਤੋਂ ਖ਼ਤਮ ਹੋ ਜਾਵੇਗੀ।
ਗੱਲਬਾਤ ਕਰਦਿਆਂ ਮੇਅਰ ਕੁੰਦਨ ਗੋਗੀਆ ਨੇ ਹੋਰ ਕਿਹਾ ਕਿ, “ਸ਼ਹਿਰ ਵਾਸੀਆਂ ਦੀ ਸਹੂਲਤ ਮੇਰੀ ਪਹਿਲੀ ਤਰਜੀਹ ਹੈ। ਭਾਵੇਂ ਉਹ ਸਫਾਈ ਹੋਵੇ ਜਾਂ ਸੀਵਰੇਜ, ਮੈਂ ਪਟਿਆਲਾ ਵਾਸੀਆਂ ਲਈ 24 ਘੰਟੇ ਹਾਜ਼ਰ ਹਾਂ। ਇਸ ਕਾਰਵਾਈ ਤੋਂ ਬਾਅਦ ਮੰਦਰ ਕਮੇਟੀ ਅਤੇ ਸ਼ਹਿਰ ਵਾਸੀਆਂ ਨੇ ਮੇਅਰ ਕੁੰਦਨ ਗੋਗੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪੁਰਾਣੀ ਸਮੱਸਿਆ ਦਾ ਹੱਲ ਹੋਣ ਨਾਲ ਸਾਰਿਆਂ ਨੇ ਸੁੱਖ ਦਾ ਸਾਹ ਲਿਆ ਹੈ।