ਮਾਸਟਰ ਕਾਡਰ ਦੀ ਤਰੱਕੀ ਉਡੀਕਦਿਆਂ ਰਿਟਾਇਰ ਹੋ ਰਹੇ ਹਨ ਅਧਿਆਪਕ: ਡੀਟੀਐੱਫ 

 ਪਟਿਆਲਾ, 8 ਅਕਤੂਬਰ – ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸਿੱਖਿਆ ਵਿਭਾਗ ਤੋਂ ਵਾਰ ਵਾਰ ਵੱਖ ਵੱਖ ਕਾਡਰਾਂ ਤਰੱਕੀਆਂ ਦੀ ਮੰਗ ਕੀਤੇ ਜਾਣ ‘ਤੇ ਭਾਵੇਂ ਲੈਕਚਰਾਰਾਂ ਦੀਆਂ ਤਰੱਕੀਆਂ ਹੋ ਗਈਆਂ ਹਨ, ਪਰ ਸਾਲ 2018 ਤੋਂ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਨਹੀਂ ਕੀਤੀਆਂ ਗਈਆਂ ਹਨ।
ਇਸ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਪੰਜਾਬ ਦਾ ਸਿੱਖਿਆ ਵਿਭਾਗ 2018 ਤੋਂ ਲੈ ਕੇ ਹੁਣ ਤੱਕ ਪ੍ਰਾਇਮਰੀ ਤੋਂ ਮਾਸਟਰ ਕਾਡਰ ਵਿੱਚ ਅਧਿਆਪਕਾਂ ਦੀਆਂ ਰੈਗੂਲਰ ਤਰੱਕੀਆਂ ਨਹੀਂ ਕਰ ਸਕਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਬਦਲਾਅ ਵਾਲੀ ਸਰਕਾਰ ਦੇ ਰਾਜ ਵਿੱਚ ਤਰੱਕੀਆਂ ਉਡੀਕਦੇ ਉਡੀਕਦੇ ਅਨੇਕਾਂ ਪ੍ਰਾਇਮਰੀ ਅਤੇ ਅਦਰ ਕੈਟਾਗਰੀ ਅਧਿਆਪਕ ਪਹਿਲਾਂ ਹੀ ਰਿਟਾਇਰ ਹੋ ਚੁੱਕੇ ਹਨ ਅਤੇ ਜੇਕਰ ਸਿੱਖਿਆ ਵਿਭਾਗ ਦੀ ਢਿੱਲੀ ਕਾਰਜੁਗਾਰੀ ਇਸੇ ਤਰ੍ਹਾਂ ਦੀ ਬਣੀ ਰਹੀ ਤਾਂ ਭਵਿੱਖ ‘ਚ ਵੀ ਹਜ਼ਾਰਾਂ ਅਧਿਆਪਕ ਬਿਨਾਂ ਕੋਈ ਤਰੱਕੀ ਲਏ ਰਿਟਾਇਰ ਹੋ ਜਾਣਗੇ।
ਪਿਛਲੇ ਦਿਨੀਂ ਮਾਸਟਰ ਤੋਂ ਲੈਕਚਰਾਰ ਕਾਡਰ ਦੀਆਂ ਤਰੱਕੀਆਂ ਦੀਆਂ ਹੋਣ ਤੋਂ ਬਾਅਦ ਮਾਸਟਰ ਕਾਡਰ ਵਿੱਚ ਹੇਠਲੇ ਕਾਡਰਾਂ ਤੋਂ ਤਰੱਕੀਆਂ ਨਾ ਹੋਣ ਕਾਰਨ ਸਕੂਲਾਂ ਵਿੱਚ ਮਾਸਟਰ ਕਾਡਰ ਦੇ ਅਧਿਆਪਕਾਂ ਦੀ ਕਮੀ ਬਣ ਗਈ ਹੈ, ਅਨੇਕਾਂ ਸਕੂਲਾਂ ਵਿੱਚ ਇਸ ਕਾਡਰ ਦੀਆਂ ਹਜਾਰਾਂ ਅਸਾਮੀਆਂ ਖਾਲੀ ਹਨ। ਸਿੱਖਿਆ ਵਿਭਾਗ ਪੰਜਾਬ ਨੂੰ ਮਾਸਟਰ ਕਾਡਰ ਦੀਆਂ ਖਾਲੀ ਹੋਈਆਂ ਅਸਾਮੀਆਂ ਵਿੱਚੋਂ ਤਰੱਕੀ ਕੋਟੇ ਦੀਆਂ ਪੋਸਟਾਂ ਨੂੰ ਪ੍ਰਾਇਮਰੀ ਕਾਡਰ ਵਿੱਚ ਕੰਮ ਕਰ ਰਹੇ ਈ.ਟੀ.ਟੀ., ਐੱਚ.ਟੀ., ਸੀ.ਐੱਚ.ਟੀ ਅਤੇ ਓ.ਸੀ.ਟੀ (ਅਦਰ ਕੈਟਾਗਰੀ ਟੀਚਰਜ਼) ਨੂੰ ਮਾਸਟਰ ਕਾਡਰ ਵਿੱਚ ਤਰੱਕੀਆਂ ਦੇ ਕੇ ਭਰਨਾ ਚਾਹੀਦਾ ਹੈ।
ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਰੱਖੜਾ ਜਿਲ੍ਹਾ ਸਕੱਤਰ ਜਸਪਾਲ ਚੌਧਰੀ ਅਤੇ ਵਿੱਤ ਸਕੱਤਰ ਰਜਿੰਦਰ ਸਮਾਣਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਨੂੰ ਸਖ਼ਤੀ ਨਾਲ ਪਾਬੰਦ ਕਰਦੇ ਹੋਏ ਮਾਸਟਰ ਕਾਡਰ ਲਈ ਤਰੱਕੀਆਂ ਤੋਂ ਵਾਂਝੇ ਪ੍ਰਾਇਮਰੀ, ਓ.ਸੀ.ਟੀ. ਅਤੇ ਨਾਨ ਟੀਚਿੰਗ ਕਾਡਰਾਂ ਦੇ ਅਧਿਆਪਕਾਂ ਨਾਲ ਨਿਆਂ ਕੀਤਾ ਜਾਵੇ ਅਤੇ ਜਲਦ ਤੋਂ ਜਲਦ ਇਹ ਤਰੱਕੀਆਂ ਮੁਕੰਮਲ ਕੀਤੀਆਂ ਜਾਣ।
Scroll to Top