ਪਟਿਆਲਾ 28 ਨਵੰਬਰ : ਪੰਜਾਬ ਸਰਕਾਰ ਦੀ ਅਗਵਾਈ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਨਾਏ ਗਏ ਪੰਜਾਬੀ ਮਾਹ-2025 ਦਾ ਵਿਦਾਇਗੀ ਸਮਾਰੋਹ ਅੱਜ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਕਾਲੀਦਾਸ ਆਡੀਟੋਰੀਅਮ ’ਚ ਕਰਵਾਇਆ ਗਿਆ।
ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਹੋਏ ਇਸ ਸਮਾਗਮ ਦੌਰਾਨ ਸ਼੍ਰੋਮਣੀ ਹਿੰਦੀ ਸਾਹਿਤਕਾਰ ਸ੍ਰੀ ਮਾਧਵ ਕੌਸ਼ਿਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਪ੍ਰੋ. ਨਰਿੰਦਰ ਸਿੰਘ ਕਪੂਰ ਨੇ ਕੀਤੀ। ਇਸ ਮੌਕੇ ਹਿੰਦੀ ਅਤੇ ਉਰਦੂ ਦੇ ਸਰਵੋਤਮ ਪੁਸਤਕ ਪੁਰਸਕਾਰ ਵੀ ਪ੍ਰਦਾਨ ਕੀਤੇ ਗਏ। ਇਸ ਸਮਾਗਮ ਦੌਰਾਨ ਉੱਘੇ ਗਾਇਕ ਸੁਨੀਲ ਡੋਗਰਾ ਸਾਹਿਤਕ ਗਾਇਕੀ ਦੀਆਂ ਪੇਸ਼ਕਾਰੀਆਂ ਨਾਲ ਰੰਗ ਬੰਨ੍ਹਿਆ। ਇਸ ਮੌਕੇ ਪੁਸਤਕ ਮੇਲਾ ਵੀ ਲਗਾਇਆ ਗਿਆ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਾਹਿਤ ਤੇ ਕਲਾ ਪ੍ਰੇਮੀ ਸ਼ਾਮਲ ਹੋਏ।
ਇਸ ਮੌਕੇ ਸਵਾਗਤੀ ਭਾਸ਼ਣ ਵਿੱਚ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਹਰ ਭਾਸ਼ਾ ਸੰਚਾਰ ਦਾ ਸਾਧਨ ਹੁੰਦੀ ਹੈ। ਜਿਸ ਕਰਕੇ ਭਾਸ਼ਾਵਾਂ ਦਾ ਕੋਈ ਆਪਸੀ ਵਿਰੋਧ ਤੇ ਟਕਰਾਅ ਨਹੀਂ ਹੁੰਦਾ ਸਗੋਂ ਭਾਸ਼ਾਵਾਂ ਦਾ ਆਪਸੀ ਸਹਿਯੋਗ ਅਤੇ ਸਹਿਹੋਂਦ ਹੁੰਦੀ ਹੈ। ਇਸ ਧਾਰਨਾ ਤੇ ਚਲਦਿਆਂ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਮਾਹ ਦੀ ਸ਼ੁਰੂਆਤ ਪੰਜਾਬੀ ਭਾਸ਼ਾ ਦੇ ਪੁਰਸਕਾਰਾਂ ਦੀ ਵੰਡ ਨਾਲ ਕੀਤੀ ਜਾਂਦੀ ਹੈ ਅਤੇ ਸਮਾਪਤੀ ਹੋਰਨਾਂ ਭਾਸ਼ਾਵਾਂ ਦੇ ਸਾਹਿਤਕਾਰਾਂ ਨੂੰ ਦਿੱਤੇ ਜਾਣ ਵਾਲੇ ਪੁਰਸਕਾਰਾਂ ਨਾਲ ਕੀਤੀ ਜਾਂਦੀ ਹੈ। ਹਰ ਭਾਸ਼ਾ ਸਿੱਖਣ ਨਾਲ ਮਨੁੱਖ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਅਤੇ ਦੁਨੀਆ ਦੇ ਹੋਰਨਾਂ ਸੱਭਿਆਚਾਰਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਭਾਸ਼ਾ ਦੇ ਮਾਮਲੇ ਵਿੱਚ ਸਾਡੇ ਬਹੁਤ ਵੱਡੇ ਪ੍ਰੇਰਨਾ ਸਰੋਤ ਹਨ ਜਿਨ੍ਹਾਂ ਵਿੱਚ ਵੱਖ ਵੱਖ ਭਾਸ਼ਾਵਾਂ ਤੇ ਖਿੱਤਿਆਂ ਦੇ ਬਾਣੀਕਾਰਾਂ ਦੀ ਬਾਣੀ ਦਰਜ ਹੈ। ਇਸ ਕਰਕੇ ਸਾਨੂੰ ਹਰ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਨਰਿੰਦਰ ਸਿੰਘ ਕਪੂਰ ਨੇ ਕਿਹਾ ਕਿ ਅਜੋਕੇ ਯੁੱਗ ਵਿੱਚ ਸਾਹਿਤ ਸਿਰਜਣਾ ਲਈ ਭਾਵਨਾਵਾਂ ਦੇ ਪ੍ਰਗਟਾਵੇ ਤੋਂ ਅਹਿਮ ਵਿਸ਼ਵ ਪੱਧਰ ਤੇ ਜੋ ਕੁੱਝ ਵਾਪਰ ਰਿਹੈ ਉਸ ਨੂੰ ਜਾਣਨਾ ਤੇ ਸਮਝਣਾ ਚਾਹੀਦਾ ਹੈ। ਜਿਸ ਸਦਕਾ ਹੀ ਹਰ ਭਾਸ਼ਾ ਦਾ ਸਾਹਿਤ ਵਿਸ਼ਵ ਪੱਧਰ ਦਾ ਬਣ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਗਿਆਨ ਦੇ ਯੁੱਗ ਵਿੱਚ ਸਾਹਿਤਕਾਰਾਂ ਨੂੰ ਨਵੇਂ ਤੇ ਵਿਸ਼ਵ ਵਿਆਪੀ ਅਨੁਭਵਾਂ ਤੇ ਆਧਾਰਿਤ ਸਾਹਿਤ ਦੀ ਰਚਨਾ ਕਰਨੀ ਚਾਹੀਦੀ ਹੈ।
ਉਨ੍ਹਾਂ ਨਵੀਂ ਪੀੜ੍ਹੀ ਨੂੰ ਅਪੀਲ ਕੀਤੀ ਕਿ ਵਿਅਕਤੀ ਭਾਸ਼ਾ ਨੂੰ ਸਮਝਣਾ ਤੇ ਬੋਲਣਾ ਆਪਣੇ ਪਰਿਵਾਰ ਤੋਂ ਸਿੱਖਦਾ ਹੈ ਅਤੇ ਪੜ੍ਹਨਾ ਤੇ ਲਿਖਣਾ ਆਪਣੇ ਅਧਿਆਪਕਾਂ ਤੋਂ ਸਿੱਖਦਾ ਹੈ। ਪਰ ਇਨ੍ਹਾਂ ਚਾਰੇ ਕਲਾਵਾਂ ਵਿੱਚੋਂ ਸਭ ਤਂ ਅਹਿਮ ਕਲਾ ਲਿਖਣਾ ਹੈ ਭਾਵ ਅਸੀਂ ਜੋ ਵੀ ਪੜ੍ਹਦੇ ਹਾਂ ਉਸ ਵਿੱਚੋਂ ਜ਼ਰੂਰੀ ਤੇ ਅਹਿਮ ਤੱਥਾਂ ਨੂੰ ਲਿਖ ਕੇ ਰੱਖਣਾ ਲਾਜ਼ਮੀ ਹੈ। ਜਿਸ ਸਦਕਾ ਸਾਡੀ ਸ਼ਖ਼ਸੀਅਤ ਅਤੇ ਜਾਣਕਾਰੀ ਵਿੱਚ ਮਿਆਰੀ ਵਾਧਾ ਹੁੰਦਾ ਹੈ। ਮੁੱਖ ਮਹਿਮਾਨ ਡਾ. ਮਾਧਵ ਕੌਸ਼ਿਕ ਜੀ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਚਾਰ ਭਾਸ਼ਾਵਾਂ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਉਰਦੂ ਪ੍ਰਵਾਨ ਚੜ੍ਹੀਆਂ ਹਨ। ਜਿਸ ਕਰਕੇ ਬਾਹਰਲੇ ਲੋਕੀ ਇਸ ਨੂੰ ਵਡਭਾਗੀ ਧਰਤੀ ਮੰਨਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਆਪਣੀ ਅਮੀਰ ਵਿਰਾਸਤ ਨੂੰ ਨਜ਼ਰਅੰਦਾਜ਼ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਮਾਂ ਬੋਲੀ ਗਿਆਨ ਤੇ ਤਰੱਕੀ ਹਾਸਲ ਕਰਨ ਦਾ ਸਭ ਤੋਂ ਵੱਡਾ ਜ਼ਰੀਆ ਹੈ। ਅੱਜ ਦੇ ਯੁੱਗ ਵਿੱਚ ਹਰ ਭਾਸ਼ਾ ਦਾ ਆਪਣਾ ਮੀਡੀਆ ਹੈ ਅਤੇ ਹਰ ਭਾਸ਼ਾ ਦੇ ਸਾਹਿਤ, ਪੱਤਰਕਾਰਤਾ ਤੇ ਕਾਰੋਬਾਰਾਂ ਲਈ ਪੇਸ਼ੇਵਰ ਕਾਮਿਆਂ ਦੀ ਲੋੜ ਹੈ। ਇਸ ਕਰਕੇ ਹਰ ਮਾਂ ਬੋਲੀ ਇਸ ਯੁੱਗ ਵਿੱਚ ਅਹਿਮੀਅਤ ਰੱਖਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬੀ ਸੰਗੀਤ ਦੀਆਂ ਧੁਨਾਂ ਤੇ ਪੂਰੀ ਦੁਨੀਆ ਨੱਚ ਸਕਦੀ ਹੈ ਤਾਂ ਅਸੀਂ ਪੂਰੀ ਦੁਨੀਆ ਤੱਕ ਆਪਣਾ ਸਾਹਿਤ ਕਿਉਂ ਨਹੀਂ ਪਹੁੰਚਾ ਸਕਦੇ। ਡਿਪਟੀ ਡਾਇਰੈਕਟਰ ਚੰਦਨਦੀਪ ਕੌਰ ਨੇ ਸਭ ਦਾ ਧੰਨਵਾਦ ਕੀਤਾ। ਸਮਾਗਮ ਦਾ ਮੰਚ ਸੰਚਾਲਨ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਇਸ ਮੌਕੇ ਵਿਭਾਗ ਦੀ ਸਰਵੇ ਪੁਸਤਕ ਬਹਾਦਰਗੜ੍ਹ, ਤਕਨੀਕੀ ਸ਼ਬਦਾਵਲੀਆਂ (ਸਾਹਿਤ ਤੇ ਸੱਭਿਆਚਾਰਕ ਮਾਨਵ ਵਿਗਿਆਨ) ਤੇ ਆਧਾਰਿਤ ਦੋ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ।
ਇਸ ਮੌਕੇ ਸ਼੍ਰੋਮਣੀ ਆਲੋਚਕ ਪ੍ਰੋ. ਸੁਰਜੀਤ ਸਿੰਘ ਭੱਟੀ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਪ੍ਰਿੰਸੀਪਲ ਡੀ.ਪੀ. ਸਿੰਘ ਸੈਣੀ ਸ਼੍ਰੋਮਣੀ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ, ਡਾ. ਰਾਜਵੰਤ ਕੌਰ, ਵਿਭਾਗ ਦੇ ਸਾਬਕਾ ਅਧਿਕਾਰੀ ਸਤਨਾਮ ਸਿੰਘ ਤੇ ਧਰਮ ਕੰਮੇਆਣਾ, ਕਵੀ ਅਵਤਾਰਜੀਤ, ਨਵਦੀਪ ਸਿੰਘ ਮੁੰਡੀ, ਡਾ. ਲਕਸ਼ਮੀ ਨਰਾਇਣ ਭੀਖੀ, ਸਤਪਾਲ ਭੀਖੀ, ਇਕਬਾਲ ਸਰਪੰਚ, ਗੁਰਪ੍ਰੀਤ ਵਜੀਦਪੁਰ ਅਤੇ ਅਮਨਦੀਪ ਕਾਲਾਝਾੜ ਹਾਜ਼ਰ ਹੋਏ। ਸਮਾਗਮ ਦੀ ਸਫਲਤਾ ਲਈ ਡਿਪਟੀ ਡਾਇਰੈਕਟਰ ਚੰਦਨਦੀਪ ਕੌਰ ਤੇ ਆਲੋਕ ਚਾਵਲਾ ਅਤੇ ਸਹਾਇਕ ਡਾਇਰੈਕਟਰ ਸੁਖਪ੍ਰੀਤ ਕੌਰ, ਜਸਪ੍ਰੀਤ ਕੌਰ, ਸੁਰਿੰਦਰ ਕੌਰ, ਸ੍ਰੀਮਤੀ ਰਾਬੀਆ ਅਤੇ ਦਵਿੰਦਰ ਕੌਰ, ਖੋਜ ਅਫਸਰ ਸੁਖਦਰਸ਼ਨ ਸਿੰਘ ਚਹਿਲ, ਖੋਜ ਸਹਾਇਕ ਹਰਪ੍ਰੀਤ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਯੋਗਦਾਨ ਦਿੱਤਾ।
ਦੱਸਣਯੋਗ ਹੈ ਕਿ ਭਾਸ਼ਾ ਵਿਭਾਗ ਵੱਲੋਂ ਇੱਕ ਨਵੰਬਰ ਨੂੰ ਪੰਜਾਬੀ ਮਾਹ-2025 ਦੇ ਸਮਾਗਮਾਂ ਦੀ ਸ਼ੁਰੂਆਤ ਕੀਤੀ ਸੀ। ਜਿਸ ਦੌਰਾਨ ਗੋਸ਼ਟੀ, ਰਾਜ ਪੱਧਰੀ ਪ੍ਰਸ਼ਨੋਤਰੀ ਮੁਕਾਬਲੇ, ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ, ਕਵੀ ਦਰਬਾਰ ਤੇ ਹੋਰ ਸਮਾਗਮ ਕਰਵਾਏ ਜਾ ਚੁੱਕੇ ਹਨ। ਉਦਘਾਟਨੀ ਸਮਾਗਮ ਦੌਰਾਨ ਪੰਜਾਬੀ ਦੇ ਸਰਵੋਤਮ ਪੁਸਤਕ ਪੁਰਸਕਾਰ ਪ੍ਰਦਾਨ ਕੀਤੇ ਗਏ ਸਨ।