ਬੀਜਾਪੁਰ ਵਿੱਚ ਸੁਰੱਖਿਆ ਬਲਾਂ ਦੀ ਕਾਰਵਾਈ, ਮੁਕਾਬਲੇ ਦੌਰਾਨ ਦੋ ਨਕਸਲੀ ਢੇਰ

ਬੀਜਾਪੁਰ, 29 ਜਨਵਰੀ : ਨਕਸਲੀਆਂ ਨੂੰ ਲੈ ਕੇ ਸੁਰਖਿਆ ਫੋਰਸਾਂ ਵਲੋ ਜੰਗੀ ਪੱਧਰ ਤੇ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਤਾਜਾ ਮਾਮਲੇ ਵਿਚ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ ਦੌਰਾਨ ਦੋ ਨਕਸਲੀ ਮਾਰੇ ਗਏ।

ਦਸ ਦਈਏ ਕਿ ਇਸ ਕਾਰਵਾਈ ਦੌਰਾਨ ਮਾਰੇ ਗਏ ਨਕਸਲੀਆਂ ਕੋਲੋਂ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ। ਪੁਲੀਸ ਨੇ ਦੱਸਿਆ ਕਿ 3 ਜਨਵਰੀ ਨੂੰ ਬਸਤਰ ਖੇਤਰ ਵਿੱਚ ਹੋਏ ਦੋ ਵੱਖ-ਵੱਖ ਮੁਕਾਬਲਿਆਂ ਵਿੱਚ ਕੁੱਲ 14 ਨਕਸਲੀ ਮਾਰੇ ਗਏ ਸਨ। ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਸ ਖੇਤਰ ਨੂੰ 31 ਮਾਰਚ ਤੱਕ ਨਕਸਲ ਮੁਕਤ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਿਸ ਤਹਿਤ ਸੁਰੱਖਿਆ ਬਲਾਂ ਦੀਆਂ ਕਾਰਵਾਈਆਂ ਲਗਾਤਾਰ ਜਾਰੀ ਹਨ।

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਕੇ ਵਿੱਚ ਮਾਓਵਾਦੀ ਗਤੀਵਿਧੀਆਂ ਸਬੰਧੀ ਗੁਪਤ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ’ਤੇ ਸੁਰੱਖਿਆ ਬਲਾਂ ਵੱਲੋਂ ਤਲਾਸ਼ੀ ਅਤੇ ਘੇਰਾਬੰਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਨਕਸਲੀਆਂ ਨਾਲ ਮੁਕਾਬਲਾ ਹੋ ਗਿਆ, ਜਿਸ ਵਿੱਚ ਦੋ ਮਾਓਵਾਦੀ ਢੇਰ ਕਰ ਦਿੱਤੇ ਗਏ ਤੇ ਅਗੇ ਕਾਰਵਾਈ ਜਾਰੀ ਹੈ।

Scroll to Top