ਪਟਿਆਲਾ, 25 ਅਗਸਤ– ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀ ਲੋੜ, ਸੰਦੇਸ਼ ਦੀ ਮਹਾਨਤਾ ਅਤੇ ਧਾਰਮਿਕ ਰਹਿਤ ਮਰਿਯਾਦਾ ਸਬੰਧੀ ਆਪਣੇ ਵਿਚਾਰ ਰੱਖੇ।
ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ ਡਾ. ਕੰਵਲਜੀਤ ਸਿੰਘ ਵੱਲੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ: ਪ੍ਰਕਾਸ਼ ਦੀਆਂ ਰਮਜ਼ਾਂ’ ਵਿਸ਼ੇ ਉੱਤੇ ਬੋਲਦਿਆਂ ਗੁਰਬਾਣੀ ਚਿੰਤਨ ਤੱਕ ਪਹੁੰਚਣ ਲਈ ਵੱਖ-ਵੱਖ ਵਿਧਾਵਾਂ, ਪਸਾਰਾਂ ਅਤੇ ਰਮਜ਼ਾਂ ਦਾ ਡੂੰਘਾ ਵਿਸ਼ਲੇਸ਼ਣ ਕਰਦਿਆਂ ਗੁਰਲਿਵ ਵਾਲ਼ੀ ਪਹੁੰਚ ਅਪਨਾਉਣ ਉੱਤੇ ਜ਼ੋਰ ਦਿੱਤਾ।
ਵਿਭਾਗ ਮੁਖੀ ਡਾ. ਗੁੰਜਨਜੋਤ ਕੌਰ ਨੇ ਸਵਾਗਤੀ ਸ਼ਬਦ ਬੋਲਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੁਨੀਆ ਦਾ ਸਰਵੋਤਮ, ਸਰਬ ਸਾਂਝਾ ਅਤੇ ਸਮੁੱਚੀ ਮਾਨਵਤਾ ਦਾ ਚਾਨਣ ਮੁਨਾਰਾ ਦੱਸਿਆ।
ਅਖੀਰ ਵਿੱਚ ਡਾ. ਮਲਕਿੰਦਰ ਕੌਰ ਨੇ ਧੰਨਵਾਦੀ ਭਾਸ਼ਣ ਦਿੱਤਾ। ਪ੍ਰੋਗਰਾਮ ਵਿੱਚ ਡਾ. ਗੁਰਮੀਤ ਸਿੰਘ ਸਿੱਧੂ, ਡਾ. ਜਸਪ੍ਰੀਤ ਕੌਰ ਸੰਧੂ, ਡਾ. ਪਰਮਵੀਰ ਸਿੰਘ, ਡਾ. ਗੁਰਮੇਲ ਸਿੰਘ, ਡਾ. ਸੁਰਜੀਤ ਸਿੰਘ ਭੱਟੀ, ਡਾ. ਬਲਵਿੰਦਰਜੀਤ ਕੌਰ ਭੱਟ, ਡਾ. ਪਰਮਿੰਦਰਜੀਤ ਕੌਰ, ਡਾ. ਜਗਪ੍ਰੀਤ ਕੌਰ ਨੇ ਹਾਜ਼ਰੀ ਭਰੀ। ਸਮੂਹ ਵਿਭਾਗੀ ਸਟਾਫ਼, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ।