ਪਟਿਆਲਾ, 23 ਸਤੰਬਰ – ਪੰਜਾਬੀ ਯੂਨੀਵਰਸਿਟੀ ਵਿਖੇ ਪਿਛਲੇ ਦਿਨੀਂ ਪ੍ਰੋ. ਜਸਵਿੰਦਰ ਸਿੰਘ ਨੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲ਼ ਲਿਆ ਹੈ। ਉਨ੍ਹਾਂ ਵੱਲੋਂ ਅਹੁਦਾ ਸੰਭਾਲੇ ਜਾਣ ਮੌਕੇ ਕੀਤੇ ਸੰਖੇਪ ਸਮਾਗਮ ਦੌਰਾਨ ਸਾਬਕਾ ਮੁਖੀ ਪ੍ਰੋ. ਹਿਮਾਂਸ਼ੂ ਅਗਰਵਾਲ, ਪ੍ਰੋਫੈਸਰ ਲਖਵਿੰਦਰ ਕੌਰ, ਪ੍ਰੋਫੈਸਰ ਰਮਨ ਮੈਣੀ ਅਤੇ ਡਾ. ਗੁਰਜੀਤ ਸਿੰਘ ਭੱਠਲ ਆਦਿ ਮੌਜੂਦ ਰਹੇ।
ਜ਼ਿਕਰਯੋਗ ਹੈ ਕਿ ਪ੍ਰੋ. ਜਸਵਿੰਦਰ ਸਿੰਘ ਯੂਨੀਵਰਸਿਟੀ ਦੇ ਪਲੇਸਮੈਂਟ ਸੈੱਲ ਦੇ ਡਾਇਰੈਕਟਰ ਵਜੋਂ ਵੀ ਸੇਵਾ ਨਿਭਾ ਰਹੇ ਹਨ। ਡਾ. ਜਸਵਿੰਦਰ ਸਿੰਘ ਕੋਲ 23 ਸਾਲਾਂ ਦਾ ਅਧਿਆਪਨ ਅਤੇ ਖੋਜ ਦਾ ਤਜਰਬਾ ਹੈ। ਉਹ ਵੱਖ-ਵੱਖ ਯੂਨੀਵਰਸਿਟੀਆਂ ਦੇ ਬੋਰਡ ਆਫ਼ ਸਟੱਡੀਜ਼ ਦੇ ਮੈਂਬਰ ਰਹੇ ਹਨ। ਉਨ੍ਹਾਂ ਨੇ ਕਈ ਚੋਣ ਕਮੇਟੀਆਂ ਅਤੇ ਕਾਲਜ ਨਿਰੀਖਣ ਕਮੇਟੀਆਂ ਵਿੱਚ ਸਰਗਰਮੀ ਨਾਲ ਯੋਗਦਾਨ ਪਾਇਆ ਹੈ, ਅੰਤਰਰਾਸ਼ਟਰੀ ਕਾਨਫਰੰਸਾਂ ਦਾ ਆਯੋਜਨ ਕੀਤਾ ਹੈ, ਅਤੇ ਵਿਸ਼ਵ ਪੱਧਰ ‘ਤੇ ਕਈ ਨਾਮਵਰ ਖੋਜ ਪੱਤਰ ਪ੍ਰਕਾਸ਼ਿਤ ਕਰਵਾਏ ਹਨ।
ਉਨ੍ਹਾਂ ਨੇ ਯੂਨੀਵਰਸਿਟੀਆਂ ਦੇ ਅਕਾਦਮਿਕ ਆਡਿਟ ਵੀ ਕੀਤੇ ਹਨ ਅਤੇ ਕੰਪਿਊਟਰ ਨੈੱਟਵਰਕ ਨੀਤੀ ਪ੍ਰਬੰਧਨ ਸੰਸਥਾ ਦੇ ਮੈਂਬਰ ਵੀ ਹਨ। ਉਨ੍ਹਾਂ ਦੇ ਮੁਹਾਰਤ ਦੇ ਖੇਤਰਾਂ ਵਿੱਚ ਸਾਈਬਰ ਸੁਰੱਖਿਆ, ਮਸ਼ੀਨ ਲਰਨਿੰਗ, ਅਤੇ ਮਾਲਵੇਅਰ ਵਿਸ਼ਲੇਸ਼ਣ ਸ਼ਾਮਲ ਹਨ।