ਪੰਜਾਬੀ ਯੂਨੀਵਰਸਿਟੀ ਵਿਖੇ ‘ਖੋਜ, ਨਵੀਨਤਾ ਅਤੇ ਬੌਧਿਕ ਸੰਪਤੀ ਅਧਿਕਾਰ’ ਬਾਰੇ ਕਰਵਾਇਆ ਸੈਮੀਨਾਰ

ਪਟਿਆਲਾ, 19 ਫਰਵਰੀ – ਪੰਜਾਬੀ ਯੂਨੀਵਰਸਿਟੀ ਵਿਖੇ ‘ਖੋਜ, ਨਵੀਨਤਾ ਅਤੇ ਬੌਧਿਕ ਸੰਪਤੀ ਅਧਿਕਾਰ’ ਵਿਸ਼ੇ ‘ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਯੂਨੀਵਰਸਿਟੀ ਵਿਖੇ ਸਥਾਪਿਤ ਆਈ.ਪੀ.ਆਰ. ਚੇਅਰ ਵੱਲੋਂ ਭਾਰਤ ਸਰਕਾਰ ਦੇ ਉਦਯੋਗ ਅਤੇ ਵਣਜ ਮੰਤਰਾਲੇ (ਡੀ.ਪੀ.ਆਈ.ਆਈ.ਟੀ.) ਦੇ ਸਹਿਯੋਗ ਨਾਲ਼ ਕਰਵਾਏ ਇਸ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕੀਤੀ।
ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਖੋਜ ਦੇ ਖੇਤਰ ਵਿੱਚ ਬੌਧਿਕ ਸੰਪਤੀ ਅਧਿਕਾਰਾਂ ਦੀ ਅਹਿਮੀਅਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿੱਚ ਕਿਸੇ ਵੀ ਵਿੱਦਿਅਕ ਸੰਸਥਾ ਦੀ ਪ੍ਰਗਤੀ ਕੇਵਲ ਡਿਗਰੀਆਂ ਵੰਡਣ ਤੱਕ ਸੀਮਤ ਨਹੀਂ ਹੈ, ਸਗੋਂ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਉੱਥੋਂ ਦੇ ਖੋਜਾਰਥੀ ਅਤੇ ਅਧਿਆਪਕ ਕਿੰਨੀ ਮੌਲਿਕ ਖੋਜ ਕਰ ਰਹੇ ਹਨ ਅਤੇ ਉਸ ਨੂੰ ਕਾਨੂੰਨੀ ਤੌਰ ‘ਤੇ ਕਿੰਨਾ ਸੁਰੱਖਿਅਤ (ਪੇਟੈਂਟ) ਕਰਵਾ ਰਹੇ ਹਨ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿੱਖਿਆ ਸ਼ਾਸਤਰੀਆਂ ਅਤੇ ਖੋਜਕਰਤਾਵਾਂ ਦੇ ਰੂਪ ਵਿੱਚ, ਇਹ ਸਾਡੀ ਜ਼ਿੰਮੇਦਾਰੀ ਹੈ ਕਿ ਅਸੀਂ ਆਪਣੀ ਖੋਜ ਨੂੰ ਇਨੋਵੇਸ਼ਨ ਅਤੇ ਵਪਾਰੀਕਰਨ ਦੇ ਨਾਲ ਜੋੜੀਏ ਜਿਸ ਦਾ ਕੁਝ ਸਮਾਜਿਕ ਪ੍ਰਭਾਵ ਹੋਣਾ ਚਾਹੀਦਾ ਹੈ। ਉਨ੍ਹਾਂ ਯੂਨੀਵਰਸਿਟੀ ਦੁਆਰਾ ਇਨੋਵੇਸ਼ਨ-ਅਧਾਰਿਤ ਖੋਜ ਈਕੋਸਿਸਟਮ ਵਿਕਸਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ‘ਤੇ ਚਾਨਣਾ ਪਾਇਆ।
ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਮਰਹਾੜ੍ਹ ਪਾਵਰ ਕੰਟਰੋਲ ਪ੍ਰਾਈਵੇਟ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਜੈ ਸਿੰਘ ਮਰਹਾੜ੍ਹ ਨੇ ਵਿਦਿਆਰਥੀਆਂ ਨੂੰ ਵਪਾਰਕ ਸੰਭਾਵਨਾ ਵਾਲ਼ੀ ਅਮਲਯੋਗ ਖੋਜ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਬਿਜਲੀ ਮਕੈਨਿਕ ਤੋਂ ਉਦਯੋਗਪਤੀ ਬਣਨ ਤਕ ਦੀ ਆਪਣੀ ਉਦਮੀ ਯਾਤਰਾ ਸਾਂਝੀ ਕੀਤੀ।
 ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਨੇ ਦੇਸ਼ ਦੇ ਆਰਥਿਕ ਵਿਕਾਸ ਵਿਚ ਖੋਜ ਅਤੇ ਨਵੀਆਂ ਕਾਢਾਂ ਦੀ ਭੂਮਿਕਾ ਬਾਰੇ ਚਰਚਾ ਕੀਤੀ।
 ਡਾਇਰੈਕਟਰ, ਯੋਜਨਾ ਅਤੇ ਨਿਰੀਖਣ ਡਾ. ਸੁਖਜੀਤ ਕੌਰ ਨੇ ਨੌਜਵਾਨ ਖੋਜੀਆਂ ਨੂੰ ਉਤਸਾਹਿਤ ਕੀਤਾ ਕਿ ਉਹ ਪ੍ਰਯੋਗਸ਼ਾਲਾ ਦੀ ਖੋਜ ਨੂੰ ਅਸਲ ਜੀਵਨ ਦੀਆਂ ਲੋੜਾਂ ਵਿੱਚ ਬਦਲਣ।
ਦੇ ਕਨਵੀਨਰ ਡਾ ਬਲਵਿੰਦਰ ਸਿੰਘ ਸੂਚ ਨੇ ਮਾਹਰਾਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਗੁਰਪ੍ਰੀਤ ਸਿੰਘ ਨੇ ਸੈਮੀਨਾਰ ਦੇ ਉਦੇਸ਼ਾਂ ਅਤੇ ਮੌਜੂਦਾ ਯੁੱਗ ਵਿੱਚ ਉੱਚ ਸਿੱਖਿਆ ਸੰਸਥਾਵਾਂ ਲਈ ਇਸ ਦੀ ਸਾਰਥਕਤਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਪੇਂਟੈਂਟ ਅਟਾਰਨੀ ਡਾ. ਰਾਹੁਲ ਤਨੇਜਾ ਅਤੇ ਡਾ. ਸ਼ਾਵੇਤਾ ਸੇਨ ਨੇ ਖੋਜਕਰਤਾਵਾਂ ਨੂੰ ਪੇਂਟੈਂਟ, ਡਿਜ਼ਾਈਨ ਅਤੇ ਟ੍ਰੇਡਮਾਰਕ ਪ੍ਰਾਪਤ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਸੈਮੀਨਾਰ ਵਿੱਚ ਵੱਖ-ਵੱਖ ਵਿਭਾਗਾਂ ਦੇ 200 ਤੋਂ ਵੱਧ ਭਾਗੀਦਾਰਾਂ ਨੇ ਭਾਗ ਲਿਆ।
Scroll to Top