ਪੰਜਾਬੀ ਯੂਨੀਵਰਸਿਟੀ ਦੇ ਯੂ.ਜੀ.ਸੀ.ਸੈਂਟਰ ਵਿਖੇ ਸ਼ਾਰਟ ਟਰਮ ਕੋਰਸ ਸ਼ੁਰੂ

ਪਟਿਆਲਾ, 2 ਦਸੰਬਰ –  ਪੰਜਾਬੀ ਯੂਨੀਵਰਸਿਟੀ ਦੇ ਯੂ.ਜੀ.ਸੀ. ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਟਰ ਵਿਖੇ ਅਧਿਆਪਕਾਂ ਲਈ ਕਰਵਾਏ ਜਾ ਰਹੇ ਦੇ ਕੋਰਸਾਂ ਦਾ ਉਦਘਾਟਨੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤੀ ਗਈ। ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ ਦੇ ਚਾਂਸਲਰ ਪ੍ਰੋ. ਹਰਮੋਹਿੰਦਰ ਸਿੰਘ ਬੇਦੀ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਕੇਂਦਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਦੋਹਾਂ ਕੋਰਸਾਂ ਵਿਚੋਂ ਇੱਕ ਰਿਫ਼ਰੈਸ਼ਰ ਕੋਰਸ ਹੈ ਅਤੇ ਦੂਜਾ ਸ਼ਾਰਟ-ਟਰਮ ਕੋਰਸ ਹੈ।

ਉਨ੍ਹਾਂ ਦੱਸਿਆ ਕਿ ਰਿਫਰੈਸ਼ਰ ਕੋਰਸ ਦਾ ਵਿਸ਼ਾ ‘ਭਾਸ਼ਾਵਾਂ, ਸਾਹਿਤ ਅਤੇ ਸੱਭਿਆਚਾਰ ਅਧਿਐਨ’ ਨਾਲ਼ ਸਬੰਧਤ ਹੈ ਜਦੋਂ ਕਿ ਸ਼ਾਰਟ ਟਰਮ ਕੋਰਸ ਦਾ ਵਿਸ਼ਾ ਆਨਲਾਈਨ ਮੰਚ ਰਾਹੀਂ ਕਰਵਾਏ ਜਾਣ ਵਾਲੇ ‘ਮੂਕਸ’ ਕੋਰਸ ਨਾਲ਼ ਸਬੰਧਤ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਮੌਕੇ ਆਪਣੇ ਪ੍ਰਧਾਨਗੀ ਭਾਸਣ ਦੌਰਾਨ ਮਨੁੱਖੀ ਵਿਚਾਰਧਾਰਾ ਅਤੇ ਸੱਭਿਆਚਾਰਕ ਵਿਕਾਸ ਵਿੱਚ ਸਾਹਿਤ ਅਤੇ ਭਾਸ਼ਾ ਅਧਿਐਨ ਦੀ ਮਹੱਤਤਾ ਉੱਤੇ ਰੌਸ਼ਨੀ ਪਾਈ। ਉਨ੍ਹਾਂ ਦੋਹੇਂ ਕੋਰਸਾਂ ਦੇ ਵਿਸ਼ਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੋਰਸਾਂ ਨਾਲ਼ ਅਧਿਆਪਕ ਆਪਣੇ ਆਪ ਨੂੰ ਸਿੱਖਿਆ ਅਤੇ ਗਿਆਨ ਦੇ ਨਵੇਂ ਰੁਝਾਨਾਂ ਨਾਲ਼ ਜੋੜਦੇ ਹਨ, ਜੋ ਕਿ ਬਹੁਤ ਜ਼ਰੂਰੀ ਹੈ।

ਪ੍ਰੋ. ਹਰਮੋਹਿੰਦਰ ਸਿੰਘ ਬੇਦੀ ਨੇ ਆਪਣੇ ਭਾਸਣ ਵਿੱਚ ਅੱਜ ਦੇ ਸਮੇਂ ਦੇ ਸਿੱਖਿਆ ਰੁਝਾਨਾਂ ਬਾਰੇ ਗੱਲ ਕਰਦੇ ਹੋਏ ਸੱਭਿਆਚਾਰਕ ਸੰਵੇਦਨਸ਼ੀਲਤਾ, ਭਾਸ਼ਾਈ ਵਿਭਿੰਨਤਾ ਅਤੇ ਡਿਜੀਟਲ ਸਿੱਖਿਆ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਮਾਜ ਦੇ ਹਰ ਖੇਤਰ ਤੱਕ ਸਿੱਖਿਆ ਦੀ ਪਹੁੰਚ ਯਕੀਨੀ ਬਣਾਉਣ ਲਈ ਨਵੇਂ ਮੰਚਾਂ ਅਤੇ ਮਾਧਿਅਮਾਂ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ।
ਕੋਰਸ ਕੋਆਰਡੀਨੇਟਰ ਡਾ. ਪੁਸਪਿੰਦਰ ਜੋਸ਼ੀ, ਡਾ. ਸੀ.ਪੀ. ਕੰਬੋਜ ਅਤੇ ਦਲਜੀਤ ਅਮੀ (ਈ. ਐੱਮ. ਆਰ. ਸੀ. ਡਾਇਰੈਕਟਰ) ਵੱਲੋਂ ਆਪਣੇ-ਆਪਣੇ ਕੋਰਸਾਂ ਦੇ ਉਦੇਸ਼ ਅਤੇ ਕੋਰਸਾਂ ਦੌਰਾਨ ਕਰਵਾਈਆਂ ਜਾਣ ਵਾਲ਼ੀਆਂ ਗਤੀਵਿਧੀਆਂ ਬਾਰੇ ਵੇਰਵੇ ਸਾਂਝੇ ਕੀਤੇ ਗਏ।

Scroll to Top