ਪੰਜਾਬੀ ਕਹਾਣੀ ਨੂੰ ਅਸਲ ਮਨੁੱਖੀ ਯਥਾਰਥ ਨਾਲ਼ ਜੋੜਨ ਵਿੱਚ ਕਰਤਾਰ ਸਿੰਘ ਦੁੱਗਲ ਦੀ ਰਹੀ ਹੈ ਬੜੀ ਅਹਿਮ ਭੂਮਿਕਾ : ਪੰਜਾਬੀ ਯੂਨੀਵਰਸਿਟੀ ਦੀ ਖੋਜ

ਪੰਜਾਬੀ ਕਹਾਣੀ ਨੂੰ ਅਸਲ ਮਨੁੱਖੀ ਯਥਾਰਥ ਨਾਲ਼ ਜੋੜਨ ਵਿੱਚ ਕਰਤਾਰ ਸਿੰਘ ਦੁੱਗਲ ਦੀ ਰਹੀ ਹੈ ਬੜੀ ਅਹਿਮ ਭੂਮਿਕਾ : ਪੰਜਾਬੀ ਯੂਨੀਵਰਸਿਟੀ ਦੀ ਖੋਜ
ਪਟਿਆਲਾ – ਪੰਜਾਬੀ ਯੂਨੀਵਰਸਿਟੀ ਵਿੱਚ ਸਾਹਿਤ ਦੇ ਖੇਤਰ ਨਾਲ਼ ਸੰਬੰਧਤ ਹੋਈ ਇੱਕ ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਪੰਜਾਬੀ ਕਹਾਣੀ ਨੂੰ ਆਦਰਸ਼ਵਾਦ ਅਤੇ ਸੁਧਾਰਵਾਦ ਦੇ ਚੌਖਟੇ ਵਿੱਚੋਂ ਬਾਹਰ ਕੱਢ ਕੇ ਅਸਲ ਯਥਾਰਥ ਸਥਿਤੀ ਨਾਲ਼ ਜੋੜਨ ਅਤੇ ਮਨੁੱਖੀ ਮਨ ਦੀਆਂ ਵੱਖ-ਵੱਖ ਪਰਤਾਂ ਨੂੰ ਕਹਾਣੀ ਰਾਹੀਂ ਪੇਸ਼ ਕੀਤੇ ਜਾਣ ਦੀਆਂ ਸੰਭਾਵਨਾਵਾਂ ਪੈਦਾ ਕਰਨ ਵਿੱਚ ਕਰਤਾਰ ਸਿੰਘ ਦੁੱਗਲ ਦੀ ਅਹਿਮ ਭੂਮਿਕਾ ਰਹੀ ਹੈ।
ਖੋਜਾਰਥੀ ਰਮਨਦੀਪ ਕੌਰ ਨੇ ਡਾ. ਮੋਹਨ ਸਿੰਘ ਤਿਆਗੀ ਦੀ ਨਿਗਰਾਨੀ ਵਿੱਚ ‘ਕਰਤਾਰ ਸਿੰਘ ਦੁੱਗਲ ਦੀਆਂ ਕਹਾਣੀਆਂ ਦੀ ਕਥਾ ਦ੍ਰਿਸ਼ਟੀ’ ਵਿਸ਼ੇ ਉੱਤੇ ਆਪਣਾ ਖੋਜ ਕਾਰਜ ਪੂਰਾ ਕੀਤਾ।
ਡਾ. ਮੋਹਨ ਸਿੰਘ ਤਿਆਗੀ ਨੇ ਦੱਸਿਆ ਕਿ ਇਹ ਖੋਜ ਕਾਰਜ ਕਈ ਕਾਰਨਾਂ ਤੋਂ ਵਿਸ਼ੇਸ਼ ਮਹੱਤਤਾ ਦਾ ਧਾਰਨੀ ਹੈ। ਇਸ ਖੋਜ ਕਾਰਜ ਰਾਹੀਂ ਕਰਤਾਰ ਸਿੰਘ ਦੁੱਗਲ ਇੱਕ ਅਜਿਹੇ ਕਹਾਣੀਕਾਰ ਵਜੋਂ ਉਭਰ ਕੇ ਸਾਹਮਣੇ ਆਉਂਦਾ ਹੈ ਜਿਸ ਨੇ ਪੰਜਾਬੀ ਕਹਾਣੀ ਨੂੰ ਰੂਪ ਅਤੇ ਵਿਸ਼ੇ ਪੱਖੋਂ ਸਮਰੱਥ ਬਣਾਉਣ ਦੇ ਨਾਲ਼-ਨਾਲ਼ ਮਨੋਵਿਗਿਆਨਕ ਆਧਾਰ ਪ੍ਰਦਾਨ ਕਰਦੇ ਹੋਏ ਪੰਜਾਬੀ ਕਹਾਣੀ ਨੂੰ ਸਮੇਂ ਦਾ ਹਾਣੀ ਬਣਾਉਣ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਖੋਜ ਰਾਹੀਂ ਇਹ ਜਾਣਿਆ ਗਿਆ ਕਿ ਕਰਤਾਰ ਸਿੰਘ ਦੁੱਗਲ ਪੰਜਾਬੀ ਕਹਾਣੀ ਦੀ ਦੂਜੀ ਪੀੜ੍ਹੀ ਦਾ ਸਮਰੱਥ ਲੇਖਕ ਹੈ ਜਿਸ ਨਾਲ਼ ਪੰਜਾਬੀ ਕਹਾਣੀ ਆਦਰਸ਼ਵਾਦ ਅਤੇ ਸੁਧਾਰਵਾਦ ਦੀਆਂ ਪਰੰਪਰਕ ਬਰੂਹਾਂ ਉਲੰਘ ਕੇ ਅਸਲ ਯਥਾਰਥ ਨਾਲ ਨਾਤਾ ਜੋੜਦੀ ਹੈ। ਉਨ੍ਹਾਂ ਕਿਹਾ ਕਿ ਦੁੱਗਲ ਦਾ ਇਹ ਵੱਖਰਾ ਦ੍ਰਿਸ਼ਟੀਕੋਣ ਪੰਜਾਬੀ ਕਹਾਣੀ ਨੂੰ ਸਿਰਜਣਾਤਮਕ ਪੱਖ ਤੋਂ ਨਵੀਂ ਦਿਸ਼ਾ ਵੱਲ ਤੋਰਦਾ ਹੈ। ਉਨ੍ਹਾਂ ਕਿਹਾ ਕਿ ਇਸ ਖੋਜ ਰਾਹੀਂ ਸਾਹਮਣੇ ਆਇਆ ਕਿ ਕਰਤਾਰ ਸਿੰਘ ਦੁੱਗਲ ਵੱਖ-ਵੱਖ ਸਮਿਆਂ ਵਿੱਚ ਵਿਚਰਦਾ ਹੋਇਆ ਅਨੇਕਾਂ ਕਹਾਣੀਕਾਰਾਂ ਦਾ ਸਮਕਾਲੀ ਰਿਹਾ ਪਰ ਉਸ ਦੀ ਕਥਾ ਦ੍ਰਿਸ਼ਟੀ ਕਿਸੇ ਦੀ ਵੀ ਪਿਛਲੱਗ ਨਹੀਂ ਰਹੀ। ਉਸ ਨੇ ਪੰਜਾਬੀ ਕਹਾਣੀ ਨੂੰ ਮਨੋਵਿਗਿਆਨਿਕ ਸੂਝ ਮਾਡਲ ਪ੍ਰਦਾਨ ਕਰ ਕੇ ਇਸ ਨੂੰ ਆਧੁਨਿਕ ਚਿੰਤਨ ਨਾਲ ਜੋੜਿਆ। ਕਥਾ ਸਿਰਜਣਾ ਦੀ ਮਨੋਵਿਗਿਆਨਿਕ ਅੰਤਰ ਦ੍ਰਿਸ਼ਟੀ ਉਸ ਨੂੰ ਬਾਕੀ ਕਹਾਣੀਕਾਰਾਂ ਤੋਂ ਨਿਖੇੜਦੀ ਹੈ।
ਖੋਜਾਰਥੀ ਰਮਨਦੀਪ ਕੌਰ, ਜੋ ਕਿ ਕਾਨੂੰਨ ਵਿਸ਼ੇ ਵਿੱਚ ਵੀ ਪੋਸਟ ਗ੍ਰੈਜੂਏਟ ਹੈ, ਨੇ ਕਿਹਾ ਕਿ ਖੋਜ ਰਾਹੀਂ ਸਾਹਮਣੇ ਆਇਆ ਕਿ ਦੁੱਗਲ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਆਪਣੀ ਗੱਲ ਕਹਿਣ ਲਈ ਆਪਣੇ ਪਾਤਰਾਂ ਦੇ ਮਾਨਸਿਕ ਵਾਤਾਵਰਣ ਉੱਤੇ ਫੋਕਸ ਕਰਦਾ ਹੈ। ਉਸ ਦੀਆਂ ਕਹਾਣੀਆਂ ਵਿੱਚ ਪ੍ਰਸਤੁਤ ਮੱਧ ਸ਼੍ਰੇਣਿਕ ਔਰਤ-ਮਰਦ ਪਾਤਰ ਕਈ ਪੱਖਾਂ ਤੋਂ ਆਪਣੇ ਵੱਖ-ਵੱਖ ਕਾਰਜਾਂ, ਇੱਛਾਵਾਂ, ਰੁਚੀਆਂ, ਗੁਣਾਂ, ਤਰੁਟੀਆਂ ਅਤੇ ਅਕਾਂਖਿਆਵਾਂ ਸਮੇਤ ਪੇਸ਼ ਹੋਏ ਹਨ। ਉਨ੍ਹਾਂ ਕਿਹਾ ਕਿ ਉਸ ਦੀ ਕਹਾਣੀ ਮਨੁੱਖੀ ਮਨ ਦੀਆਂ ਮਹੀਨ ਪਰਤਾਂ ਫਰੋਲ਼ਦੀ ਹੈ। ਉਸ ਦੇ ਪਾਤਰਾਂ ਦੇ ਮਾਨਸਿਕ ਪਸਾਰ ਹੀ ਉਸ ਦੀ ਕਹਾਣੀ ਵਿੱਚ ਗਹਿਰਾਈ ਅਤੇ ਵਿਸ਼ਾਲਤਾ ਪੈਦਾ ਕਰਦੇ ਹਨ।
ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਖੋਜ ਲਈ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਜਿੱਥੇ ਇੱਕ ਪਾਸੇ ਵਿਗਿਆਨ, ਮਨੋਵਿਗਿਆਨ, ਕਾਨੂੰਨ, ਤਕਨਾਲੋਜੀ, ਇੰਜੀਨੀਅਰਿੰਗ ਆਦਿ ਦੇ ਖੇਤਰਾਂ ਵਿੱਚ ਅਹਿਮ ਖੋਜਾਂ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਇਹ ਆਪਣੇ ਮੂਲ ਮੰਤਵ ਨੂੰ ਪਛਾਣਦਿਆ ਸਾਹਿਤ ਅਤੇ ਭਾਸ਼ਾ ਦੇ ਖੇਤਰ ਵਿੱਚ ਵੀ ਪਾਏਦਾਰ ਖੋਜ ਕਾਰਜ ਕਰ ਰਹੀ ਹੈ। ਵਿਸ਼ਿਆਂ ਅਤੇ ਖੋਜ ਖੇਤਰਾਂ ਦੀ ਅਜਿਹੀ ਵੰਨ-ਸੁਵੰਨਤਾ ਪੰਜਾਬੀ ਯੂਨੀਵਰਸਿਟੀ ਦਾ ਖਾਸਾ ਹੈ।

Leave a Comment

Your email address will not be published. Required fields are marked *

Scroll to Top