ਪੰਜਾਬ ਮੰਡੀ ਬੋਰਡ ਦੀ ਟੀਮ ਵੱਲੋਂ ਬਲਿਆਲ ਰੋਡ ’ਤੇ ਸਥਿਤ ਸੀਵਰੇਜ ਡਿਸਪੋਜ਼ਲ ਪਲਾਂਟ ਦਾ ਜਾਇਜ਼ਾ
ਛੇਤੀ ਹੀ ਹੋਵੇਗਾ ਸਮੱਸਿਆ ਦਾ ਸਥਾਈ ਹੱਲ: ਐਕਸੀਅਨ ਮੰਡੀ ਬੋਰਡ
ਭਵਾਨੀਗੜ੍ਹ, 11 ਸਤੰਬਰ:ਬੀਤੇ ਦਿਨੀਂ ਬਲਿਆਲ ਰੋਡ ’ਤੇ ਸਥਿਤ ਪੰਜਾਬ ਮੰਡੀ ਬੋਰਡ ਦੇ ਸੀਵਰੇਜ ਡਿਸਪੋਜ਼ਲ ਪਲਾਂਟ ਵਿੱਚੋਂ ਫੈਲਣ ਵਾਲੀ ਬਦਬੂ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋਣ ਦਾ ਮਾਮਲਾ ਸਾਹਮਣੇ ਆਉਣ ’ਤੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਮੌਕਾ ਦੇਖਦੇ ਹੋਏ ਲੋਕ ਹਿੱਤ ਵਿੱਚ ਤੁਰੰਤ ਇਸ ਸਮੱਸਿਆ ਦੇ ਢੁਕਵੇਂ ਹੱਲ ਦੇ ਆਦੇਸ਼ ਦਿੱਤੇ। ਡੀ.ਸੀ ਦੇ ਆਦੇਸ਼ਾਂ ’ਤੇ ਮੰਡੀ ਬੋਰਡ ਦੇ ਐਕਸੀਅਨ ਪੁਨੀਤ ਸ਼ਰਮਾ ਦੀ ਅਗਵਾਈ ਹੇਠ ਮੰਡੀ ਬੋਰਡ ਦੇ ਐਸ.ਡੀ.ਓ ਨੇ ਹੋਰਨਾਂ ਅਧਿਕਾਰੀਆਂ ਸਮੇਤ ਸੀਵਰੇਜ ਡਿਸਪੋਜ਼ਲ ਪਲਾਂਟ ਦੀ ਸਥਿਤੀ ਦਾ ਜਾਇਜ਼ਾ ਲਿਆ ਜਿਸ ਦੌਰਾਨ ਲੋਕਾਂ ਨੇ ਦੱਸਿਆ ਕਿ ਬਦਬੂ ਫੈਲਣ ਕਾਰਨ ਆਲੇ ਦੁਆਲੇ ਰਹਿੰਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਐਕਸੀਅਨ ਮੰਡੀ ਬੋਰਡ ਪੁਨੀਤ ਸ਼ਰਮਾ ਨੇ ਦੱਸਿਆ ਕਿ ਅਗਲੇ ਇੱਕ ਹਫ਼ਤੇ ਦੇ ਅੰਦਰ ਅੰਦਰ ਸੀਵਰੇਜ ਦੇ ਪਾਣੀ ਵਾਲੇ ਖੂਹ ਦੀਆਂ ਕੰਧਾਂ ਨੂੰ ਉੱਚਾ ਚੁੱਕ ਕੇ ਉਸ ਨੂੰ ਲੋਹੇ ਦੇ ਢੱਕਣ ਨਾਲ ਕਵਰ ਕਰਵਾ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਕਵਰ ਵਿੱਚ ਚਾਰ ਤੋਂ ਪੰਜ ਇੰਚ ਚੌੜੀ ਅਤੇ 10 ਤੋਂ 15 ਫੁੱਟ ਉੱਚੀ ਗੈਸ ਪਾਈਪ ਬਣਾਈ ਜਾਵੇਗੀ ਜਿਸ ਨਾਲ ਗੈਸ ਹੇਠਾਂ ਨਹੀਂ ਫੈਲੇਗੀ । ਇਸ ਮੌਕੇ ਅਨਾਜ ਮੰਡੀ ਦੇ ਪ੍ਰਧਾਨ ਤੋਂ ਇਲਾਵਾ ਜੂਨੀਅਰ ਇੰਜੀਨੀਅਰ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਵੀ ਮੌਜੂਦ ਸਨ।