ਪੈਨਸ਼ਨਰਜ਼ ਐਸੋਸੀਏਸ਼ਨ ਦੀ ਐਮ.ਡੀ. ਪੀ.ਆਰ.ਟੀ.ਸੀ. ਨਾਲ ਹੋਈ ਸੁਖਾਵੇਂ ਮਾਹੌਲ ਵਿੱਚ ਮੀਟਿੰਗ
ਬਕਾਇਆਂ ਦੀ ਅਦਾਇਗੀ ਤੁਰੰਤ ਕਰਨ ਦਾ ਦਵਾਇਆ ਭਰੋਸਾ
ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਚੇਅਰਮੈਨ, ਮੁਕੰਦ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਅਗਵਾਈ ਵਿੱਚ, ਐਮ.ਡੀ. ਪੀ.ਆਰ.ਟੀ.ਸੀ. ਨਾਲ ਅਦਾਇਗੀਆਂ ਨੂੰ ਲੈ ਕੇ ਬਹੁਤ ਹੀ ਸੁਖਾਵੇ ਮਾਹੌਲ ਵਿੱਚ ਮੀਟਿੰਗ ਹੋਈ। ਇਸ ਵਫਦ ਵਿੱਚ ਜਰਨਲ ਸਕੱਤਰ ਬਚਨ ਸਿੰਘ ਅਰੋੜਾ, ਸਕੱਤਰ ਜਨਰਲ ਹਰੀ ਸਿੰਘ ਚਮਕ ਅਤੇ ਕੈਸ਼ੀਅਰ ਅਮੋਲਕ ਸਿੰਘ ਵੀ ਸ਼ਾਮਲ ਸਨ। ਐਮ.ਡੀ. ਸਾਹਿਬ ਨੇ ਕਿਹਾ ਕਿ ਸਾਨੂੰ ਤੁਹਾਡੀਆਂ ਅਦਾਇਗੀਆਂ ਸਬੰਧੀ ਸਰਕਾਰ ਵੱਲੋਂ ਪੂਰੇ ਸਹਿਯੋਗ ਦਾ ਭਰੋਸਾ ਦਿਵਾਇਆ ਗਿਆ ਹੈ, ਉਨ੍ਹਾਂ ਕਿਹਾ ਕਿ ਪੈਨਸ਼ਨ ਕਦੇ ਲੇਟ ਨਹੀਂ ਹੋਵੇਗੀ। ਮੈਡੀਕਲ ਬਿੱਲਾਂ ਦੀ ਅਦਾਇਗੀ ਹਰ ਮਹੀਨੇ ਕੀਤੀ ਜਾਇਆ ਕਰੇਗੀ। ਸਰਵਿਸ ਕੁਆਲੀਫਾਈ ਤੇ 2016 ਤੋਂ ਰਿਟਾਇਰ ਹੋਏ ਪੈਨਸ਼ਨਰਾਂ ਦੇ ਬਕਾਏ ਅਤੇ ਹੋਰ ਕਿਸੇ ਤਰ੍ਹਾਂ ਦੇ ਵੀ ਰਹਿੰਦੇ ਬਕਾਇਆ ਦਾ ਨਿਪਟਾਰਾ ਜਲਦੀ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਫੈਮਲੀ ਪੈਨਸ਼ਨਰਾਂ ਦੇ ਕੇਸਾਂ ਦਾ ਨਿਪਟਾਰਾ ਜਲਦੀ ਹੋਵੇਗਾ ਤਾਂ ਕਿ ਲਾਭਕਾਰੀ ਨੂੰ ਹੈਰਾਨ ਨਾ ਹੋਣਾ ਪਵੇ। ਨਵੇਂ ਰਿਟਾਇਰੀਆਂ ਦੇ ਬਕਾਇਆਂ ਦੀ ਅਦਾਇਗੀ ਵੀ ਜਲਦੀ ਹੋਵੇਗੀ। ਐਮ.ਡੀ. ਪੀ.ਆਰ.ਟੀ.ਸੀ. ਨੇ ਭਰੋਸਾ ਦਵਾਇਆ ਕਿ ਪੈਨਸ਼ਨਰਾਂ ਦੇ ਹਿੱਤਾਂ ਦਾ ਖਾਸ ਖਿਆਲ ਰੱਖਿਆ ਜਾਵੇਗਾ ਤਾ ਕਿ ਉਨ੍ਹਾਂ ਨੂੰ ਬੁਢਾਪੇ ਵਿੱਚ ਕਿਸੇ ਤਰ੍ਹਾਂ ਦੀ ਵੀ ਔਕੜ ਦਾ ਸਾਹਮਣਾ ਨਾ ਕਰਨਾ ਪਵੇ।