ਪਟਿਆਲਾ, 23 ਦਸੰਬਰ — ਪਟਿਆਲਾ ਸ਼ਹਿਰ ਲਈ ਬਦਨੁਮਾ ਦਾਗ ਬਣੇ ਵੱਡੇ-ਵੱਡੇ ਕੂੜੇ ਦੇ ਢੇਰਾਂ ਤੋਂ ਜਲਦ ਨਿਜ਼ਾਤ ਮਿਲਣ ਜਾ ਰਹੀ ਹੈ। ਨਗਰ ਨਿਗਮ ਪਟਿਆਲਾ ਵੱਲੋਂ ਕੂੜਾ ਪ੍ਰਬੰਧਨ ਨੂੰ ਵਿਗਿਆਨਕ ਅਤੇ ਆਧੁਨਿਕ ਢੰਗ ਨਾਲ ਸੁਧਾਰਨ ਲਈ ਠੋਸ ਕਦਮ ਚੁੱਕੇ ਜਾ ਰਹੇ ਹਨ। ਇਸ ਸਬੰਧ ਵਿੱਚ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਨੇ ਸਬੰਧਤ ਅਧਿਕਾਰੀਆਂ ਅਤੇ ਏਜੰਸੀ ਨਾਲ ਵਿਸਥਾਰ ਨਾਲ ਸਮੀਖਿਆ ਕੀਤੀ।
ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਿੱਚ ਕੂੜੇ ਦੀ ਸਹੀ ਸੰਭਾਲ ਨਾ ਹੋਣ ਕਾਰਨ ਡੰਪ ਸਾਈਟਾਂ ’ਤੇ ਵੱਡੇ ਢੇਰ ਬਣ ਗਏ ਸਨ, ਜੋ ਸਿਹਤ ਅਤੇ ਵਾਤਾਵਰਣ ਲਈ ਖ਼ਤਰਾ ਬਣੇ ਹੋਏ ਸਨ। ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਸ਼ਾਸਨ ਦਾ ਟੀਚਾ ਹੈ ਕਿ ਇਨ੍ਹਾਂ ਡੰਪ ਸਾਈਟਾਂ ਨੂੰ ਖਤਮ ਕਰਕੇ ਸ਼ਹਿਰ ਨੂੰ ਸਾਫ਼, ਸੁੰਦਰ ਅਤੇ ਸਿਹਤਮੰਦ ਬਣਾਇਆ ਜਾਵੇ।
ਕਮਿਸ਼ਨਰ ਪਰਮਜੀਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਨਵੀਂ ਤਕਨੀਕ ਅਪਣਾ ਕੇ ਘਰਾਂ ਵਿਚੋਂ ਹੀ ਕੂੜਾ ਸਹੀ ਢੰਗ ਨਾਲ ਇਕੱਠਾ ਕਰਨ ਦੀ ਤਿਆਰੀ ਚੱਲ ਰਹੀ ਹੈ। ਇਸ ਤਹਿਤ ਸਬੰਧਤ ਏਜੰਸੀ ਵਲੋਂ ਕੂੜੇ ਨੂੰ ਤਿੰਨ ਮੁੱਖ ਸ਼੍ਰੇਣੀਆਂ ਵਿੱਚ ਵੱਖ ਕੀਤਾ ਜਾ ਰਿਹਾ ਹੈ। ਪਹਿਲੀ ਸ਼੍ਰੇਣੀ ਆਰ ਡੀ ਐਫ (ਰਿਫਿਊਜ਼ ਡਰਾਈਵਡ ਫਿਊਲ) ਦੀ ਹੈ, ਜਿਸਨੂੰ ਉਦਯੋਗਾਂ ਵਿੱਚ ਇੰਧਨ ਵਜੋਂ ਵਰਤਿਆ ਜਾਵੇਗਾ। ਦੂਜੀ ਸ਼੍ਰੇਣੀ ਸੁੱਕੇ ਵੈਸਟ ਦੀ ਹੋਵੇਗੀ, ਜਿਸਦੀ ਰੀਸਾਈਕਲਿੰਗ ਕੀਤੀ ਜਾਵੇਗੀ, ਜਦਕਿ ਤੀਜੀ ਸ਼੍ਰੇਣੀ ਬਾਇਓ-ਸੋਰਸ ਕੂੜੇ ਦੀ ਹੋਵੇਗੀ, ਜਿਸ ਤੋਂ ਖਾਦ ਜਾਂ ਹੋਰ ਉਪਯੋਗੀ ਪਦਾਰਥ ਤਿਆਰ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਨਾਲ ਨਾ ਸਿਰਫ਼ ਕੂੜੇ ਦੀ ਸਹੀ ਵਰਤੋਂ ਸੰਭਵ ਹੋਵੇਗੀ, ਸਗੋਂ ਡੰਪ ਸਾਈਟਾਂ ’ਤੇ ਜਾਣ ਵਾਲੇ ਕੂੜੇ ਦੀ ਮਾਤਰਾ ਵਿੱਚ ਵੀ ਕਾਫ਼ੀ ਕਮੀ ਆਵੇਗੀ। ਮੇਅਰ ਅਤੇ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਸਬੰਧਤ ਏਜੰਸੀ ਨੂੰ 3 ਤੋਂ 4 ਮਹੀਨੇ ਦੇ ਅੰਦਰ ਅੰਦਰ ਇਹ ਸਾਰਾ ਕੰਮ ਮੁਕੰਮਲ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਗਏ ਹਨ।
ਅੰਤ ਵਿੱਚ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਨਗਰ ਨਿਗਮ ਨਗਰ ਨਿਗਮ ਪਟਿਆਲਾ ਸ਼ਹਿਰ ਨੂੰ ਕੂੜਾ ਮੁਕਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਮੇਅਰ ਅਤੇ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਹੀ ਸੁੱਕਾ ਅਤੇ ਗਿੱਲਾ ਕੂੜਾ ਵੱਖਰਾ ਕਰਕੇ ਨਗਰ ਨਿਗਮ ਦੀਆਂ ਟੀਮਾਂ ਨੂੰ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਭਾਗੀਦਾਰੀ ਤੋਂ ਬਿਨਾਂ ਇਹ ਮੁਹਿੰਮ ਸਫਲ ਨਹੀਂ ਹੋ ਸਕਦੀ। ਨਗਰ ਨਿਗਮ ਦਾ ਟੀਚਾ ਪਟਿਆਲਾ ਨੂੰ ਸਾਫ਼, ਸੁੰਦਰ ਅਤੇ ਸਿਹਤਮੰਦ ਸ਼ਹਿਰ ਬਣਾਉਣਾ ਹੈ, ਜਿਸ ਲਈ ਹਰ ਨਾਗਰਿਕ ਦਾ ਸਹਿਯੋਗ ਲਾਜ਼ਮੀ ਹੈ।