ਨਗਰ ਨਿਗਮ ਪਟਿਆਲਾ ਵੱਲੋਂ “ਸਫਾਈ ਪ੍ਰਣਾਲੀ ਮਾਨੀਟਰਿੰਗ ਪ੍ਰੋਗਰਾਮ” ਸ਼ੁਰੂ – ਕਮਿਸ਼ਨਰ

ਪਟਿਆਲਾ, 13 ਨਵੰਬਰ  — ਸਥਾਨਕ ਸਰਕਾਰ ਵਿਭਾਗ ਪੰਜਾਬ ਵੱਲੋਂ ਸ਼ਹਿਰਾਂ ਵਿੱਚ ਸਫਾਈ ਅਤੇ ਸੀਵਰੇਜ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਇੱਕ ਵਿਸ਼ੇਸ਼ ਪਹਿਲਕਦਮੀ ਦੇ ਤਹਿਤ “ਸਫਾਈ ਪ੍ਰਣਾਲੀ ਮਾਨੀਟਰਿੰਗ ਪ੍ਰੋਗਰਾਮ” ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਪ੍ਰੋਗਰਾਮ ਦੇ ਅਧੀਨ ਨਗਰ ਨਿਗਮ ਪਟਿਆਲਾ ਵੱਲੋਂ ਵੀ ਕਮਿਸ਼ਨਰ ਪਰਮਜੀਤ ਸਿੰਘ ਦੇ ਨੇਤ੍ਰਿਤਵ ਹੇਠ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਸਾਰੇ ਇੰਜੀਨੀਅਰਿੰਗ ਵਿੰਗ ਦੇ ਅਧਿਕਾਰੀਆਂ ਅਤੇ ਸੈਨਟਰੀ ਇੰਸਪੈਕਟਰਾਂ ਦੀ ਰੋਜ਼ਾਨਾ ਡਿਊਟੀ ਲਗਾਈ ਗਈ ਹੈ।

ਕਮਿਸ਼ਨਰ  ਪਰਮਜੀਤ ਸਿੰਘ ਨੇ ਇਸ ਸਬੰਧੀ ਵਿਸ਼ੇਸ਼ ਤੌਰ ਤੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਪ੍ਰੋਗਰਾਮ ਦਾ ਮਕਸਦ ਸ਼ਹਿਰ ਵਿੱਚ ਸਫਾਈ ਪ੍ਰਣਾਲੀ ਨੂੰ ਮਜ਼ਬੂਤ ਬਣਾਉਣਾ ਅਤੇ ਲੋਕਾਂ ਨੂੰ ਸੁੱਚਾ ਵਾਤਾਵਰਣ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਹਰ ਕਲਾਸ-1 ਅਫਸਰ ਨੂੰ ਆਪਣੇ ਖੇਤਰ ਵਿੱਚ ਰੋਜ਼ਾਨਾ ਨਿਗਰਾਨੀ ਕਰਨੀ ਹੋਵੇਗੀ ਅਤੇ ਸਫਾਈ ਨਾਲ ਜੁੜੇ ਅਹਿਮ ਪੁਆਇੰਟਾਂ ਦੀ ਜਾਂਚ ਕਰਕੇ ਆਪਣੀ ਰਿਪੋਰਟ ਸਰਕਾਰ ਵੱਲੋਂ ਬਣਾਈ ਗਈ ਗੂਗਲ ਸ਼ੀਟ ’ਤੇ ਅਪਲੋਡ ਕਰਨੀ ਲਾਜ਼ਮੀ ਹੋਵੇਗੀ।

ਕਮਿਸ਼ਨਰ ਨੇ ਹੋਰ ਕਿਹਾ ਕਿ ਹਰ ਅਧਿਕਾਰੀ ਆਪਣੀ ਰੋਜ਼ਾਨਾ ਰਿਪੋਰਟ ਆਈ.ਟੀ. ਮੈਨੇਜਰ ਸ੍ਰੀ ਚੰਨਪ੍ਰੀਤ ਸਿੰਘ ਨਾਲ ਸਾਂਝੀ ਕਰੇਗਾ, ਜੋ ਇਸਨੂੰ ਗੂਗਲ ਸ਼ੀਟ ’ਤੇ ਅਪਲੋਡ ਕਰਨਾ ਯਕੀਨੀ ਬਣਾਉਣਗੇ। ਉਨ੍ਹਾਂ ਨੇ ਹਦਾਇਤ ਕੀਤੀ ਕਿ ਇਸ ਪ੍ਰਕਿਰਿਆ ਵਿੱਚ ਕਿਸੇ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜਿੰਮੇਵਾਰੀ ਨਾ ਸਮਝਣ ਵਾਲੇ ਅਧਿਕਾਰੀ ਵਿਰੁੱਧ ਕਾਰਵਾਈ ਵੀ ਕੀਤੀ ਜਾਵੇਗੀ।

ਕਮਿਸ਼ਨਰ ਨੇ ਕਿਹਾ ਕਿ ਇਹ ਕਦਮ ਪਟਿਆਲਾ ਸ਼ਹਿਰ ਨੂੰ ਹੋਰ ਸਾਫ਼–ਸੁਥਰਾ ਅਤੇ ਸਵੱਛ ਬਣਾਉਣ ਵੱਲ ਇੱਕ ਮਜ਼ਬੂਤ ਕੋਸ਼ਿਸ਼ ਸਾਬਤ ਹੋਵੇਗੀ, ਜਿਸ ਨਾਲ ਸ਼ਹਿਰ ਨਿਵਾਸੀਆਂ ਨੂੰ ਬਿਹਤਰ ਸਫਾਈ ਪ੍ਰਣਾਲੀ ਅਤੇ ਸੁਵਿਧਾਜਨਕ ਵਾਤਾਵਰਣ ਪ੍ਰਾਪਤ ਹੋਵੇਗਾ।

—- ਨਿਰੀਖਣ ਦੌਰਾਨ ਮੁੱਖ ਫੋਕਸ ਤੇ ਰਹਿਣਗੇ ਇਹ ਕੰਮ—
ਜਾਂਚ ਦੌਰਾਨ ਮੁੱਖ ਤੌਰ ਤੇ ਸੜਕਾਂ ਅਤੇ ਜਨਤਕ ਥਾਵਾਂ ਦੀ ਸਫਾਈ, ਕੂੜਾ ਇਕੱਠਾ ਕਰਨ ਦੀ ਪ੍ਰਣਾਲੀ, ਕਮਿਊਨਿਟੀ ਅਤੇ ਜਨਤਕ ਪਖਾਨਿਆਂ ਦੀ ਸਥਿਤੀ, ਮਰੇ ਹੋਏ ਜਾਨਵਰਾਂ ਅਤੇ ਇਮਾਰਤੀ ਮਲਬੇ ਦੀ ਸਮੇਂ ਸਿਰ ਸਫਾਈ, ਨਿਕਾਸੀ ਪ੍ਰਣਾਲੀ ਦੇ ਮੁੱਦੇ, ਜਿਵੇਂ ਕਿ ਖੁੱਲ੍ਹੇ ਮੈਨਹੋਲ ਜਾਂ ਰੁਕਾਵਟਾਂ, ਅਤੇ ਖਾਦ ਬਣਾਉਣ ਵਾਲੀਆਂ ਯੂਨਿਟਾਂ ਦੀ ਕਾਰਗੁਜ਼ਾਰੀ ਸ਼ਾਮਲ ਹੋਣਗੇ।

Scroll to Top