ਨਗਰ ਨਿਗਮ ਨੇ ਕੀਤੇ ਤਿੰਨ ਵਿਦਿਆਰਥੀਆਂ ਦੀ ਮੌਤ ਤੋਂ ਬਾਅਦ 13 ਕੋਚਿੰਗ ਸੈਂਟਰ ਸੀਲ
ਨਵੀਂ ਦਿੱਲੀ, 29 ਜੁਲਾਈ : ਭਾਰਤ ਦੀ ਰਾਜਧਾਨੀ ਦਿੱਲੀ ਦੇ ਪੁਰਾਣੇ ਰਾਜਿੰਦਰ ਨਗਰ ਦੇ ਆਈ. ਏ. ਐਸ. ਕੋਚਿੰਗ ਸੈਂਟਰ ਵਿਚ ਪਾਣੀ ਭਰਨ ਤੋਂ ਬਾਅਦ ਤਿੰਨ ਵਿਦਿਆਰਥੀਆਂ ਦੀ ਮੌਤ ਦੇ ਮਾਮਲੇ ਵਿਚ ਨਗਰ ਨਿਗਮ ਨੇ ਕਾਰਵਾਈ ਕੀਤੀ ਹੈ। ਨਗਰ ਨਿਗਮ ਨੇ ਇਥੋਂ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਚਲ ਰਹੇ 13 ਕੋਚਿੰਗ ਸੈਂਟਰਾਂ ਨੂੰ ਸੀਲ ਕਰ ਦਿੱਤਾ ਹੈ। ਇਹ ਕਾਰਵਾਈ ਐਤਵਾਰ ਦੇਰ ਵੇਲੇ ਕੀਤੀ ਗਈ ਹੈ। ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਕੋਚਿੰਗ ਸੈਂਟਰ ਬੇਸਮੈਂਟ ਵਿਚ ਚਲ ਰਹੇ ਸਨ ਤੇ ਇਨ੍ਹਾਂ ਸੈਂਟਰਾਂ ਦੇ ਬਾਹਰ ਸੀਲ ਕਰਨ ਦੇ ਨੋਟਿਸ ਲਾ ਦਿੱਤੇ ਗਏ ਹਨ। ਕੋਚਿੰਗ ਸੈਂਟਰ ਦੀ ਬੇਸਮੈਂਟ ਵਿਚ ਪਾਣੀ ਭਰਨ ਤੋਂ ਬਾਅਦ ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਇੱਥੋਂ ਦੇ ਵਿਦਿਆਰਥੀਆਂ ਦਾ ਰੋਸ ਵਧ ਗਿਆ ਹੈ ਤੇ ਉਨ੍ਹਾਂ ਵਲੋਂ ਅੱਜ ਵੀ ਪ੍ਰਦਰਸ਼ਨ ਕਰਨ ਦੀ ਯੋਜਨਾ ਹੈ।