ਨਵੀਂ ਦਿੱਲੀ, 27 ਫਰਵਰੀ : ਦਿੱਲੀ ਦੀ ਇੱਕ ਅਦਾਲਤ ਨੇ ਆਬਕਾਰੀ ਨੀਤੀ ਨਾਲ ਸੰਬੰਧਿਤ ਚਰਚਿਤ ਮਾਮਲੇ ਵਿੱਚ ਅੱਜ ਇਕ ਵੱਡਾ ਫੈਸਲਾ ਸੁਣਾਉਦਿਆਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਰਾਹਤ ਦਿੰਦਿਆਂ ਬਰੀ ਕਰਨ ਦਾ ਫੈਸਲਾ ਸੁਣਾਇਆ ਹੈ, ਜਿਸ ਕਾਰਨ ਕੇਜਰੀਵਾਲ ਅੱਜ ਮੀਡੀਆ ਨੂੰ ਸੰਬੋਧਨ ਕਰਦੇ ਬਹੁਤ ਹੀ ਭਾਵੁਕ ਪਲਾਂ ਵਿਚ ਨਜਰ ਆਏ।
ਦਸ ਦਈਏ ਕਿ ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ ਕਿ ਇਲਜ਼ਾਮ ਲਗਾਉਣ ਵਾਲਾ ਪੱਖ ਦਾਅਵਿਆਂ ਨੂੰ ਸਾਬਤ ਕਰਨ ਲਈ ਯਥੋਚਿਤ ਸਬੂਤ ਪੇਸ਼ ਨਹੀਂ ਕਰ ਸਕਿਆ।
ਇਹ ਜਾਂਚ ਸੈਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਕੀਤੀ ਗਈ ਸੀ। ਜਾਂਚ ਏਜੰਸੀ ਨੇ ਦੋਵਾਂ ਨੇਤਾਵਾਂ ਉੱਤੇ ਹੁਣ ਰੱਦ ਹੋ ਚੁੱਕੀ ਆਬਕਾਰੀ ਨੀਤੀ ਵਿੱਚ ਕਥਿਤ ਗੜਬੜੀਆਂ ਨਾਲ ਜੁੜੀ ਕੇਂਦਰੀ ਭੂਮਿਕਾ ਨਿਭਾਉਣ ਦੇ ਦੋਸ਼ ਲਗਾਏ ਸਨ।
ਫੈਸਲੇ ਦੌਰਾਨ ਅਦਾਲਤ ਨੇ ਟਿੱਪਣੀ ਕੀਤੀ ਕਿ ਗੰਭੀਰ ਆਰੋਪਾਂ ਨੂੰ ਸਿਰਫ਼ ਅਨੁਮਾਨਾਂ ਜਾਂ ਧਾਰਨਾਵਾਂ ਦੇ ਆਧਾਰ ’ਤੇ ਕਾਇਮ ਨਹੀਂ ਰੱਖਿਆ ਜਾ ਸਕਦਾ। ਅਦਾਲਤ ਨੇ ਇਹ ਵੀ ਉਲੇਖ ਕੀਤਾ ਕਿ ਬਿਨਾਂ ਠੋਸ ਅਤੇ ਮਜ਼ਬੂਤ ਸਬੂਤਾਂ ਦੇ ਕਿਸੇ ਵਿਅਕਤੀ ਨੂੰ ਸਾਜ਼ਿਸ਼ ਦਾ ਮੁੱਖ ਹਿੱਸੇਦਾਰ ਕਰਾਰ ਦੇਣਾ ਕਾਨੂੰਨੀ ਮਾਪਦੰਡਾਂ ’ਤੇ ਖਰਾ ਨਹੀਂ ਉਤਰਦਾ। ਇਸਤੋ ਬਾਅਦ ਅਦਾਲਤ ਨੇ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ।