ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਘੱਗਰ ਬੰਨ੍ਹ ਦੀ ਮਜ਼ਬੂਤੀ ਪ੍ਰਕਿਰਿਆ ਦਾ ਅਚਨਚੇਤ ਜਾਇਜ਼ਾ

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਘੱਗਰ ਬੰਨ੍ਹ ਦੀ ਮਜ਼ਬੂਤੀ ਪ੍ਰਕਿਰਿਆ ਦਾ ਅਚਨਚੇਤ ਜਾਇਜ਼ਾ
ਮਕਰੋੜ ਸਾਹਿਬ ਤੋਂ ਕੜੈਲ ਤੱਕ ਬੰਨ੍ਹ ਨੂੰ ਕੀਤਾ ਜਾ ਰਿਹੈ ਚੌੜਾ
ਡਿਪਟੀ ਕਮਿਸ਼ਨਰ ਨੇ ਕੰਮ ਛੇਤੀ ਨੇਪਰੇ ਚੜ੍ਹਾਉਣ ਦੀ ਕੀਤੀ ਹਦਾਇਤ, ਲੋਕਾਂ ਨੇ ਪ੍ਰਗਟਾਈ ਸੰਤੁਸ਼ਟੀ
ਮਕਰੋੜ ਸਾਹਿਬ/ਮੂਨਕ/ਸੰਗਰੂਰ, 8 ਜੁਲਾਈ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਡਰੇਨੇਜ਼ ਵਿਭਾਗ ਰਾਹੀਂ ਮਕਰੋੜ ਸਾਹਿਬ ਤੋਂ ਕੜੈਲ ਤੱਕ ਘੱਗਰ ਬੰਨ੍ਹ ਦੀ ਮਜ਼ਬੂਤੀ ਅਤੇ ਚੌੜਾ ਕਰਨ ਦੀ ਚੱਲ ਰਹੀ ਪ੍ਰਕਿਰਿਆ ਦਾ ਅੱਜ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅਚਨਚੇਤ ਜਾਇਜ਼ਾ ਲਿਆ। ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰਕਿਰਿਆ ਨੂੰ ਤਰਜੀਹੀ ਆਧਾਰ ’ਤੇ ਮੁਕੰਮਲ ਕੀਤਾ ਜਾਵੇ ਤਾਂ ਜੋ ਘੱਗਰ ਵਿਖੇ ਪਾਣੀ ਦਾ ਪੱਧਰ ਵਧਣ ਦੀ ਸੂਰਤ ਵਿੱਚ ਨੇੜੇ ਵਸਦੇ ਪਿੰਡਾਂ ਦੇ ਲੋਕਾਂ ਨੂੰ ਕਿਸੇ ਵੀ ਕਿਸਮ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ । ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਉਪ ਮੰਡਲ ਮੈਜਿਸਟਰੇਟ ਮੂਨਕ ਸੂਬਾ ਸਿੰਘ ਅਤੇ ਐਕਸੀਅਨ ਡਰੇਨੇਜ਼ ਗੁਨਦੀਪ ਬਾਂਸਲ ਸਮੇਤ ਘੱਗਰ ਦਰਿਆ ਦੇ ਨਾਲ ਨਾਲ ਨਿਰੀਖਣ ਕੀਤਾ ਅਤੇ ਪਿਛਲੇ ਵਰਿ੍ਹਆਂ ਦੌਰਾਨ ਪੇਸ਼ ਆਈਆਂ ਮੁਸ਼ਕਿਲਾਂ ਤੋਂ ਸਬਕ ਲੈਂਦਿਆਂ ਇਸ ਵਾਰ ਸਾਰੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ ਨੂੰ ਹਦਾਇਤ ਕੀਤੀ ਕਿ ਅਗਲੇ ਦਿਨਾਂ ਵਿੱਚ ਪਹਾੜੀ ਖੇਤਰਾਂ ਵਿੱਚ ਭਾਰੀ ਮੀਂਹ ਦੀਆਂ ਸੰਭਾਵਨਾਵਾਂ ਦੇ ਚਲਦਿਆਂ ਫਲੱਡ ਕੰਟਰੋਲ ਰੂਮ ਵਿਖੇ ਲਗਾਤਾਰ ਰਾਬਤਾ ਰੱਖਦੇ ਹੋਏ ਪਾਣੀ ਦੇ ਪੱਧਰ ’ਤੇ ਚੌਕਸੀ ਰੱਖੀ ਜਾਵੇ ਅਤੇ ਘੱਗਰ ਦੇ ਸੰਵੇਦਨਸ਼ੀਲ ਸਥਾਨਾਂ ਦਾ ਸਮੇਂ ਸਮੇਂ ’ਤੇ ਨਿਰੀਖਣ ਕੀਤਾ ਜਾਵੇ।
ਇਸ ਮੌਕੇ ਐਕਸੀਅਨ ਗੁਣਦੀਪ ਬਾਂਸਲ ਨੇ ਦੱਸਿਆ ਕਿ ਖਨੌਰੀ ਤੋਂ ਮਕਰੋੜ ਸਾਹਿਬ ਉਤੇ ਪੋਕਲੈਨ ਤੇ ਟਿੱਪਰਾਂ ਰਾਹੀਂ ਘੱਗਰ ਦਰਿਆ ਵਿਚੋਂ ਨਿਕਲੀ ਮਿੱਟੀ ਨੂੰ ਬੰਨ੍ਹ ’ਤੇ ਪਾ ਕੇ ਬੰਨ੍ਹ ਨੂੰ ਮਜਬੂਤ ਕੀਤਾ ਜਾ ਰਿਹਾ ਹੈ ਅਤੇ ਮਕਰੋੜ ਸਾਹਿਬ ਵਿਖੇ ਵੀ ਬੰਨ੍ਹ ਚੌੜੇ ਕਰਨ ਦਾ ਕੰਮ ਪਿਛਲੇ ਮਹੀਨੇ ਤੋਂ ਜਾਰੀ ਹੈ ਅਤੇ ਮੌਕੇ ’ਤੇ ਜੇ.ਸੀ.ਬੀ ਮਸ਼ੀਨਾਂ, ਟਿੱਪਰਾਂ ਤੇ ਟਰੈਕਟਰ ਟਰਾਲੀਆਂ ਦੀ ਵਰਤੋਂ ਕਰਦਿਆਂ ਟੀਮਾਂ ਨਿਰੰਤਰ ਕੰਮ ਵਿੱਚ ਜੁਟੀਆਂ ਹੋਈਆਂ ਹਨ । ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਦਆਂ ਉਨ੍ਹਾਂ ਨੂੰ ਪ੍ਰਸ਼ਾਸਨ ਦੀ ਤਰਫੋਂ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਜਾ ਰਹੇ ਵੱਖ ਵੱਖ ਪ੍ਰਬੰਧਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ-ਬਰ-ਤਿਆਰ ਹੈ। ਇਸ ਦੌਰਾਨ ਪਿੰਡਾਂ ਦੇ ਨਿਵਾਸੀਆਂ ਨੇ ਬੰਨ੍ਹਾਂ ਦੀ ਮਜ਼ਬੂਤੀ ਤੇ ਚੌੜਾ ਕਰਨ ਦੀ ਪ੍ਰਕਿਰਿਆ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।

Leave a Comment

Your email address will not be published. Required fields are marked *

Scroll to Top