ਜਪਾਨ ਵੱਲੋਂ ਆਫ਼ਤ ਪ੍ਰਬੰਧਨ ਦੇ ਖੇਤਰ ਵਿੱਚ ਅਪਣਾਈ ਜਾਂਦੀ ਪਹੁੰਚ ਤੋਂ ਸਿੱਖਣ ਦੀ ਲੋੜ
-ਪੰਜਾਬੀ ਯੂਨੀਵਰਸਿਟੀ ਵਿਖੇ ਆਫ਼ਤ ਪ੍ਰਬੰਧਨ ਬਾਰੇ ਚੱਲ ਰਹੇ ਪ੍ਰੋਗਰਾਮ ਵਿੱਚ ਬੁਲਾਰਿਆਂ ਨੇ ਪ੍ਰਗਟਾਏ ਵਿਚਾਰ
-ਸਕੂਲੀ ਪੱਧਰ ਉੱਤੇ ਹੋਵੇ ਆਫ਼ਤ ਪ੍ਰਬੰਧਨ ਦੀ ਸਿਖਲਾਈ
ਪਟਿਆਲਾ, 8 ਅਕਤੂਬਰ : ਆਫ਼ਤ ਪ੍ਰਬੰਧਨ ਸੰਬੰਧੀ ਭਾਰਤ ਸਰਕਾਰ ਦੇ ਕੌਮੀ ਅਦਾਰੇ ‘ਨੈਸ਼ਨਲ ਇੰਸਚੀਚੂਟ ਆਫ਼ ਡਿਜ਼ਾਸਟਰ ਮੈਨੇਜਮੈਂਟ’ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ਼ ਕਰਵਾਏ ਜਾ ਰਹੇ ਪੰਜ ਦਿਨਾ ‘ਫ਼ੈਕਲਟੀ ਡਿਵੈਲਪਮੈਂਟ ਪ੍ਰੋਗਰਾਮ’ ਦੇ ਦੂਜੇ ਦਿਨ ਜਪਾਨ ਵੱਲੋਂ ਅਪਣਾਈ ਜਾਂਦੀ ਪਹੁੰਚ ਨੂੰ ਅਧਾਰ ਬਣਾ ਕੇ ਗੱਲਾਂ ਕੀਤੀਆਂ ਗਈਆਂ । ਪ੍ਰੋਗਰਾਮ ਡਾਇਰੈਕਟਰ ਡਾ. ਨਿੰਮੀ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਪਾਨ ਵਰਗੇ ਮੁਲਕਾਂ ਵੱਲੋਂ ਆਫ਼ਤ ਪ੍ਰਬੰਧਨ ਦੇ ਮਾਮਲੇ ਵਿੱਚ ਅਪਣਾਈ ਜਾਂਦੀ ਪਹੁੰਚ ਨੂੰ ਘੋਖਦਿਆਂ ਸਾਡੇ ਮੁਲਕ ਵਿੱਚ ਵੀ ਇਸ ਪੱਖੋਂ ਬਿਹਤਰ ਸਿਖਲਾਈ ਦੇ ਪ੍ਰਬੰਧ ਹੋਣੇ ਚਾਹੀਦੇ ਹਨ। ਸਿੱਖਿਆ ਅਦਾਰਿਆਂ ਵਿੱਚ ਇਸ ਸੰਬੰਧੀ ਬਕਾਇਦਗੀ ਸਹਿਤ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਇਸ ਸੰਬੰਧੀ ਜਾਗਰੂਕਤਾ ਪੈਦਾ ਕਰਨ ਦੀ ਦਿਸ਼ਾ ਵਿੱਚ ਉਠਾਇਆ ਗਿਆ ਕਦਮ ਹੈ । ਈ.ਐੱਸ. ਆਈ. ਸਮਾਣਾ ਤੋਂ ਪੁੱਜੇ ਮੈਡੀਕਲ ਅਫ਼ਸਰ ਡਾ. ਅਵਨੀਤ ਰੰਧਾਵਾ ਨੇ ਇਸ ਵਿਸ਼ੇ ਉੱਤੇ ਵਿਸਥਾਰ ਵਿੱਚ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਜਪਾਨ ਵਿੱਚ ਆਫ਼ਤ ਪ੍ਰਬੰਧਨ ਦੇ ਮਾਮਲਿਆਂ ਨੂੰ ਲੈ ਕੇ ਬਹੁਤ ਹੀ ਵਿਹਾਰਕ ਪਹੁੰਚ ਅਪਣਾਈ ਜਾਂਦੀ ਹੈ। ਇਸ ਸੰਬੰਧੀ ਮੁੱਢਲੇ ਪੱਧਰ ਉੱਤੇ ਹੀ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਕਿਸਮ ਦੀ ਆਫ਼ਤ ਆਉਣ ਉੱਤੇ ਕਿਸ ਤਰ੍ਹਾਂ ਨਜਿੱਠਿਆ ਜਾਣਾ ਚਾਹੀਦਾ ਹੈ । ਆਫ਼ਤ ਪ੍ਰਬੰਧਨ ਦੀਆਂ ਵਿਧੀਆਂ ਅਤੇ ਤਕਨੀਕਾਂ ਦੀ ਸਿਖਲਾਈ ਦੇਣ ਦੇ ਨਾਲ਼ ਵਿਦਿਆਰਥੀਆਂ ਨੂੰ ਮਾਨਸਿਕ ਤੌਰ ਉੱਤੇ ਵੀ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਕਿ ਉਹ ਕਿਸੇ ਵੀ ਸਥਿਤੀ ਵਿੱਚ ਘਬਰਾਉਣ ਦੀ ਬਜਾਇ ਸਥਿਤੀਆਂ ਨਾਲ਼ ਚੰਗੀ ਤਰ੍ਹਾਂ ਨਜਿੱਠ ਸਕਣ । ਐੱਨ. ਆਈ. ਡੀ. ਐੱਮ. ਤੋਂ ਪੁੱਜੇ ਜੀ. ਆਈ. ਡੀ. ਆਰ. ਆਰ. ਦੇ ਮੁਖੀ ਡਾ. ਅਜਿੰਦਰ ਵਾਲੀਆ ਵੀ ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਹਾਜ਼ਰ ਰਹੇ ।