ਪਟਿਆਲਾ, 18 ਜੁਲਾਈ 2025 : ਖ਼ਾਲਸਾ ਕਾਲਜ ਪਟਿਆਲਾ ਵੱਲੋਂ ਅੱਜ ਆਪਣਾ 65ਵਾਂ ਸਥਾਪਨਾ ਦਿਵਸ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕਾਲਜ ਵਿੱਚ ਗੁਰਮਤਿ ਸਮਾਗਮ ਕਰਕੇ ਮਨਾਇਆ ਗਿਆ। ਇਸ ਖਾਸ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਕਾਲਜ ਕੈਂਪਸ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ, ਜਿਸ ਤੋਂ ਬਾਅਦ ਗੁਰਬਾਣੀ ਕੀਰਤਨ, ਢਾਡੀ ਵਾਰਾਂ ਅਤੇ ਕਵੀਸ਼ਰੀ ਦੇ ਰਸਭਿੰਨੇ ਗਾਇਨ ਕੀਤੇ ਗਏ। ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਜੀ ਧਾਮੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਕਿਰਪਾਲ ਸਿੰਘ ਬਡੂੰਗਰ, ਸ. ਸੁਰਜੀਤ ਸਿੰਘ ਗੜੀ ਮੈਂਬਰ ਐਡਜੈਕਟਿਵ ਕਮੇਟੀ ਅਤੇ ਬਾਬਾ ਬੂਟਾ ਸਿੰਘ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮੌਜੂਦ ਸਨ।
ਸਮਾਗਮ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਸਹਿਜ ਪਾਠ ਦੇ ਭੋਗ ਨਾਲ ਹੋਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਗੁਰਬਾਣੀ ਕੀਰਤਨ ਨੇ ਸਮੁੱਚੇ ਮਾਹੌਲ ਨੂੰ ਇਲਾਹੀ ਰੰਗ ਵਿੱਚ ਰੰਗ ਦਿੱਤਾ ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਢਾਡੀ ਵਾਰਾਂ ਰਾਹੀਂ ਸਿੱਖ ਇਤਿਹਾਸ ਦੀਆਂ ਵਾਰਾਂ ਸੁਣਾ ਕੇ ਸੰਗਤ ਨੂੰ ਸਿੱਖ ਸੰਘਰਸ਼ ਅਤੇ ਵਿਰਸੇ ਨਾਲ ਜੋੜਿਆ।
65ਵੇਂ ਸਥਾਪਨਾ ਦਿਵਸ ਦੀ ਖੁਸ਼ੀ ਨੂੰ ਵਾਤਾਵਰਣ ਨਾਲ ਜੋੜਦਿਆਂ ਕਾਲਜ ਦੇ ਐਨ.ਐਸ.ਐਸ. ਵਿੰਗ ਵੱਲੋਂ ਇੱਕ ਵਿਸ਼ੇਸ਼ ਪਹਿਲਕਦਮੀ ਦੇ ਤਹਿਤ 65 ਅੰਬਾਂ ਦੇ ਪੌਦੇ ਲਗਾ ਕੇ ਇੱਕ ਅੰਬ ਬਗੀਚੀ ਸਥਾਪਿਤ ਕੀਤੀ ਗਈ। ਇਹ ਪਹਿਲਕਦਮੀ ‘ਬਲਿਊ ਸਫਾਇਰ ਜੁਬਲੀ’ ਨੂੰ ਸਮਰਪਿਤ ਸੀ, ਜੋ ਕਾਲਜ ਦੇ 65 ਸਾਲਾਂ ਦੇ ਸਫਰ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਇਸ ਬਗੀਚੀ ਦੀ ਸਥਾਪਨਾ ਨਾਲ ਵਾਤਾਵਰਣ ਸੁਰੱਖਿਆ ਨੂੰ ਉਤਸ਼ਾਹਿਤ ਵੀ ਕੀਤਾ ਗਿਆ। ਇਸ ਮੌਕੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਗਈ ਅੰਮ੍ਰਿਤਧਾਰੀ ਸਕਾਲਰਸ਼ਿਪ ਦੀ 8 ਲੱਖ ਦੀ ਰਾਸ਼ੀ ਦੇ ਚੈੱਕ ਵੀ ਤਕਸੀਮ ਕੀਤੇ ਗਏ। ਸਮਾਗਮ ਵਿੱਚ ਕੀਰਤਨ ਅਤੇ ਢਾਡੀ ਵਾਰਾਂ ਦਾ ਗਾਇਨ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਧਾਨ ਸਾਹਿਬ ਵੱਲੋਂ ਮੌਕੇ ‘ਤੇ 50-50 ਹਜ਼ਾਰ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਵੀ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਹਰਜਿੰਦਰ ਸਿੰਘ ਧਾਮੀ ਨੇ ਖ਼ਾਲਸਾ ਕਾਲਜ ਦੀ ਸਿੱਖਿਆ ਅਤੇ ਸਿੱਖ ਵਿਰਸੇ ਦੇ ਸੰਭਾਲ ਵਿੱਚ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਨੇ ਪਿਛਲੇ 65 ਸਾਲਾਂ ਵਿੱਚ ਸਿੱਖੀ ਦੇ ਸਿਧਾਂਤਾਂ ਨੂੰ ਅੱਗੇ ਵਧਾਉਂਦਿਆਂ ਹੋਇਆਂ ਵਿਦਿਆਰਥੀਆਂ ਨੂੰ ਨੈਤਿਕ ਅਤੇ ਅਕਾਦਮਿਕ ਤੌਰ ‘ਤੇ ਮਜ਼ਬੂਤ ਕੀਤਾ ਹੈ। ਉਨ੍ਹਾਂ ਅਜਿਹੀਆਂ ਮੁਹਿੰਮਾਂ ਨੂੰ ਹੋਰ ਅੱਗੇ ਵਧਾਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਵਰ੍ਹੇ ਮਨਾਈਆਂ ਜਾ ਰਹੀਆਂ 350 ਸਾਲਾ ਸ਼ਤਾਬਦੀਆਂ ਵਿੱਚ ਵੀ ਵੱਧ ਚੜ ਕੇ ਸਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨਾਂ ਨੇ ਕਾਲਜ ਵਿਖੇ ਸਥਿਤ ਭਾਈ ਮਰਦਾਨਾ ਰਿਕਾਰਡਿੰਗ ਸਟੂਡੀਓ, ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕੰਪਲੈਕਸ, ਐਨ.ਸੀ.ਸੀ. ਏਅਰ ਵਿੰਗ ਅਤੇ ਐਨ.ਸੀ.ਸੀ. ਨੇਵਲ ਵਿੰਗ ਵੱਲੋਂ ਸਥਾਪਿਤ ਕੀਤੇ ਗਏ ਸਿਮੂਲੇਟਰ ਦੌਰਾ ਵੀ ਕੀਤਾ।
ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਾਲਜ ਦੇ 65 ਸਾਲਾਂ ਦੇ ਸਫਰ ‘ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਖ਼ਾਲਸਾ ਕਾਲਜ ਨੇ ਸਿੱਖਿਆ, ਖੇਡਾਂ ਅਤੇ ਸੱਭਿਆਚਾਰਕ ਪ੍ਰਾਪਤੀਆਂ ਦੇ ਖੇਤਰ ਵਿੱਚ ਉੱਚ ਮਿਆਰ ਸਥਾਪਤ ਕੀਤੇ ਹਨ ਅਤੇ ਵਿਦਿਆਰਥੀਆਂ ਨੂੰ ਸਮਾਜ ਦੀ ਸੇਵਾ ਲਈ ਪ੍ਰੇਰਿਤ ਕਰਦਾ ਆ ਰਿਹਾ ਹੈ। ਉਨ੍ਹਾਂ ਕਾਲਜ ਸਟਾਫ ਲਈ ਨਵੇਂ ਪੇ ਸਕੇਲਾਂ ਨੂੰ ਮਨਜ਼ੂਰੀ ਦੇਣ ਲਈ ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਤੇ ਵਿਦਿਆਰਥੀ ਭਰਵੀਂ ਗਿਣਤੀ ਵਿੱਚ ਹਾਜ਼ਰ ਸਨ।