ਤਰਨਤਾਰਨ, 3 ਮਾਰਚ : ਕੈਨੇਡਾ ਅਤੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵਾਪਰੇ ਇਕ ਦਰਦਨਾਕ ਟਰੱਕ ਹਾਦਸੇ ਵਿੱਚ ਪੰਜਾਬ ਨਾਲ ਸਬੰਧਤ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਿਸ ਕਾਰਨ ਉਨਾ ਦੇ ਪਰਿਵਾਰਕ ਮੈਬਰਾਂ ਅੰਦਰ ਭਾਰੀ ਦੁਖ ਦਾ ਮਾਹੌਲ ਹੈ।
ਜਿਕਰਯੋਗ ਹੈ ਕਿ ਦੋਵੇਂ ਮ੍ਰਿਤਕ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਇਹ ਹਾਦਸਾ ਹਾਈਵੇਅ 97, ਜਿਸਨੂੰ ਅਲਾਸਕਾ ਹਾਈਵੇਅ ਵੀ ਕਿਹਾ ਜਾਂਦਾ ਹੈ, ’ਤੇ Nelson ਦੇ ਨੇੜੇ ਵਾਪਰਿਆ। ਡਿਊਟੀ ਦੌਰਾਨ ਚੱਲ ਰਿਹਾ ਟਰੱਕ ਅਚਾਨਕ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਡੂੰਘੀ ਖੱਡ ਵਿੱਚ ਡਿੱਗ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਬੁਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਦੋਵੇਂ ਨੌਜਵਾਨ ਮੌਕੇ ’ਤੇ ਹੀ ਦਮ ਤੋੜ ਗਏ।
ਮ੍ਰਿਤਕਾਂ ਦੀ ਪਛਾਣ ਪਿੰਡ ਮਾੜੀ ਗੌਰ ਸਿੰਘ (ਭਿੱਖੀਵਿੰਡ) ਦੇ 32 ਸਾਲਾ ਤਲਵਿੰਦਰ ਸਿੰਘ ਗਿੱਲ ਅਤੇ ਪਿੰਡ ਐਲੋਵਾਲ (ਵੇਰੋਵਾਲ) ਦੇ ਕਰੀਬ 30 ਸਾਲਾ ਜਜਬੀਰ ਸਿੰਘ ਵਜੋਂ ਹੋਈ ਹੈ। ਇਸ ਮਾਮਲੇ ਨੂੰ ਲੈ ਕੇ ਅਧਿਕਾਰੀਆਂ ਦੀਆਂ ਟੀਮਾਂ ਵਲੋ ਜਾਂਚ ਕੀਤੀ ਜਾ ਰਹੀ ਹੈ।