ਸ੍ਰੀਨਗਰ, 3 ਫਰਵਰੀ : ਕਸ਼ਮੀਰ ਘਾਟੀ ਵਿਚ ਅਤਵਾਦ ਦੇ ਨੈਟਵਰਕ ਨੂੰ ਤੋੜਨ ਲਈ ਜਿਥੇ ਸੁਰਖਿਆ ਏਜੰਸੀਆਂ ਪੂਰੀ ਤਰ੍ਹਾਂ ਸਤਰਕ ਹਨ, ਉਥੇ ਹੁਣ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਕਸ਼ਮੀਰ ਘਾਟੀ ਵਿੱਚ ਵੱਡੀ ਕਾਰਵਾਈ ਕਰਦਿਆਂ ਮੰਗਲਵਾਰ ਨੂੰ ਤਿੰਨ ਜ਼ਿਲ੍ਹਿਆਂ ਵਿੱਚ ਛੇ ਵੱਖ-ਵੱਖ ਥਾਵਾਂ ’ਤੇ ਇਕੱਠੇ ਛਾਪੇ ਮਾਰੇ ਹਨ। ਅਧਿਕਾਰੀਆਂ ਮੁਤਾਬਕ ਇਹ ਛਾਪੇ ਬਾਰਾਮੂਲਾ, ਬਾਂਦੀਪੁਰਾ ਅਤੇ ਸ੍ਰੀਨਗਰ ਜ਼ਿਲ੍ਹਿਆਂ ਵਿੱਚ ਮਾਰੇ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਵਾਈ ਦਾ ਮੁੱਖ ਮਕਸਦ ਘਾਟੀ ਵਿੱਚ ਅਤਿਵਾਦ ਨਾਲ ਜੁੜੇ ਸਲੀਪਰ ਸੈੱਲਾਂ, ਫੰਡਿੰਗ ਨੈੱਟਵਰਕ ਅਤੇ ਭਰਤੀ ਮਡਿਊਲਾਂ ਬਾਰੇ ਸਬੂਤ ਇਕੱਠੇ ਕਰਨਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਐੱਨਆਈਏ ਵੱਲੋਂ ਦੇਸ਼ ਭਰ ਵਿੱਚ ਅਤਿਵਾਦੀ ਫੰਡਿੰਗ ਅਤੇ ਕੱਟੜਪੰਥੀ ਸਰਗਰਮੀਆਂ ਖ਼ਿਲਾਫ਼ ਕਾਰਵਾਈ ਨੂੰ ਕਾਫ਼ੀ ਤੇਜ਼ ਕੀਤਾ ਗਿਆ ਹੈ।
ਉਨਾ ਦਸਿਆ ਕਿ ਜਾਂਚ ਦੌਰਾਨ ਐੱਨਆਈਏ ਦੀਆਂ ਟੀਮਾਂ ਨੇ ਬਾਰਾਮੂਲਾ ਜ਼ਿਲ੍ਹੇ ਦੇ ਬੋਮਈ ਇਲਾਕੇ ਵਿੱਚ ਜਮਾਤ-ਏ-ਇਸਲਾਮੀ ਦੇ ਸਾਬਕਾ ਆਗੂ ਗੁਲਾਮ ਅਹਿਮਦ ਸ਼ੇਖ ਅਤੇ ਸਾਬਕਾ ਅਤਿਵਾਦੀ ਇਕਬਾਲ ਸ਼ੇਖ ਦੇ ਘਰਾਂ ਦੀ ਤਲਾਸ਼ੀ ਲਈ। ਇਸੇ ਤਰ੍ਹਾਂ ਰਫੀਆਬਾਦ ਵਿੱਚ ਸਾਬਕਾ ਸਰਕਾਰੀ ਮੁਲਾਜ਼ਮ ਮੁਹੰਮਦ ਮੁਨੱਵਰ ਮੀਰ ਦੇ ਘਰ ਅਤੇ ਸੋਪੋਰ ਦੇ ਮਾਡਲ ਟਾਊਨ ਵਿੱਚ ਫਾਰੂਕ ਅਹਿਮਦ ਪੀਰ ਦੇ ਨਿਵਾਸ ਸਥਾਨ ’ਤੇ ਵੀ ਜਾਂਚ ਕੀਤੀ ਗਈ।