ਕਲਾਕਾਰਾਂ ਦੀ ਨਰਸਰੀ ਹੈ ਪੰਜਾਬੀ ਯੂਨੀਵਰਸਿਟੀ: ਡਾ. ਜਗਦੀਪ ਸਿੰਘ

ਪਟਿਆਲਾ, 12 ਜਨਵਰੀ – ਪੰਜਾਬੀ ਯੂਨੀਵਰਸਿਟੀ ਨੇ 39ਵੇਂ ਏ. ਆਈ. ਯੂ. ਨੌਰਥ ਜ਼ੋਨ ਅੰਤਰ-ਯੂਨੀਵਰਸਿਟੀ ਯੁਵਕ ਮੇਲੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਗੀਤ ਦੀ ਓਵਰ-ਆਲ ਟਰਾਫ਼ੀ ਹਾਸਿਲ ਕਰ ਲਈ ਹੈ। ਚਿਤਕਾਰਾ ਯੂਨੀਵਰਸਿਟੀ ਰਾਜਪੁਰਾ ਵਿਖੇ ਹੋਏ ਇਸ ਯੁਵਕ ਮੇਲੇ ਵਿੱਚ ਓਵਰਆਲ ਮੇਲੇ ਵਿੱਚੋਂ ਪੰਜਾਬੀ ਯੂਨੀਵਰਸਿਟੀ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ। ਫ਼ਾਈਨ ਆਰਟਸ ਦੇ ਖੇਤਰ ਦੀਆਂ ਕਲਾਤਮਿਕ ਵੰਨਗੀਆਂ ਵਿੱਚ ਵੀ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੁਵਕ ਭਲਾਈ ਵਿਭਾਗ ਨੂੰ ਇਸ ਪ੍ਰਾਪਤੀ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਕਲਾ ਦੇ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਵਿਸ਼ੇਸ਼ ਥਾਂ ਹੈ। ਵੱਖ-ਵੱਖ ਕਲਾਤਮਿਕ ਵੰਨਗੀਆਂ ਦੇ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਅਣਗਿਣਤ ਫ਼ਨਕਾਰ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਕਲਾਕਾਰਾਂ ਦੀ ਨਰਸਰੀ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਰਾਸ਼ਟਰੀ ਯੁਵਕ ਮੇਲੇ ਵਿੱਚ ਵੀ ਪੰਜਾਬੀ ਯੂਨੀਵਰਸਿਟੀ ਚੰਗੀਆਂ ਪ੍ਰਾਪਤੀਆਂ ਕਰੇਗੀ।

ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਭੀਮਇੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨੇ ਕੁੱਲ 19 ਕਲਾਤਮਿਕ ਵੰਨਗੀਆਂ ਵਿੱਚ ਜਿੱਤ ਹਾਸਿਲ ਕੀਤੀ। ਇਨ੍ਹਾਂ ਵਿੱਚੋਂ ਨੌਂ ਵੰਨਗੀਆਂ ਲਈ ਪੰਜਾਬੀ ਯੂਨੀਵਰਸਿਟੀ ਦੀਆਂ ਟੀਮਾਂ ਹੁਣ ਤਾਮਿਲਨਾਡੂ ਦੇ ਚੇਨੱਈ ਵਿਖੇ ਹੋਣ ਵਾਲੇ ‘ਏ.ਆਈ. ਯੂ. ਰਾਸ਼ਟਰੀ ਅੰਤਰ-ਯੂਨੀਵਰਸਿਟੀ ਯੁਵਕ ਮੇਲੇ’ ਵੱਚ ਭਾਗ ਲੈਣ ਲਈ ਜਾਣਗੀਆਂ।

ਪੰਜਾਬੀ ਯੂਨੀਵਰਸਿਟੀ ਨੇ ਇੰਡੀਅਨ ਗਰੁੱਪ ਸੌਂਗ, ਕੋਲਾਜ ਸਿਰਜਣਾ, ਕਲਾਸੀਕਲ ਵੋਕਲ ਅਤੇ ਮਿਮਿੱਕਰੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਫੋਕ ਆਰਕੈਸਟਰਾ, ਕਾਰਟੂਨਿੰਗ ਅਤੇ ਕਲਾਸੀਕਲ ਨ੍ਰਿਤ ਵਿੱਚ ਦੂਜਾ ਸਥਾਨ ਅਤੇ ਪੋਸਟਰ ਸਿਰਜਣਾ ਤੇ ਰੰਗੋਲੀ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਵੈਸਟਰਨ ਗਰੁੱਪ ਸੌਂਗ, ਡਿਬੇਟ ਹਿੰਦੀ, ਭਾਸ਼ਣ ਅੰਗਰੇਜ਼ੀ, ਲੋਕ ਨਾਚ ਭੰਗੜਾ ਅਤੇ ਨਾਨ ਪਰਕਸ਼ਨ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਲਾਈਟ ਵੋਕਲ, ਕੋਰੀਓਗ੍ਰਾਫੀ, ਪਰਕਸ਼ਨ ਅਤੇ ਕਲੇਅ ਵਿੱਚ ਪੰਜਵਾਂ ਅਤੇ ਕੁਇਜ਼ ਵਿੱਚ ਛੇਵਾਂ ਸਥਾਨ ਹਾਸਿਲ ਕੀਤਾ ਹੈ।

Scroll to Top